ਖੰਨਾ: ਕੋਰੋਨਾਵਾਇਰਸ ਕਾਰਨ ਸੂਬੇ ਭਰ 'ਚ ਲੱਗੇ ਕਰਫਿਊ ਕਾਰਨ ਨਸ਼ਾ ਕਰਨ ਵਾਲੇ ਲੋਕ ਸਰਕਾਰ ਤੋਂ ਮੌਤ ਮੰਗ ਰਹੇ ਹਨ। ਇਹਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਜ਼ਹਿਰ ਦਾ ਟੀਕਾ ਲਾ ਦਿਓ। ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਨੂੰ ਸ਼ੀਕੇ ਟੰਗ ਕੇ ਸਮਰਾਲਾ ਦੇ ਸਿਵਲ ਹਸਪਤਾਲ, ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ 'ਚ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਦਰਅਸਲ, ਸਮਰਾਲਾ ਦੇ ਸਿਵਲ ਹਸਪਤਾਲ, ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ 'ਚ ਨਸ਼ੇੜੀਆਂ ਦੀ ਭੀੜ ਇੱਕਠੀ ਹੋ ਗਈ। ਹੁਣ ਕਈ ਨਸ਼ੇੜੀ ਨਸ਼ਾ ਨਾ ਮਿਲਣ ਕਾਰਨ ਦੁੱਖੀ ਹਨ ਅਤੇ ਸਰਕਾਰ ਤੋਂ ਮੌਤ ਮੰਗ ਰਹੇ ਹਨ।

ਉਥੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬਾਹਰ ਤੋਂ ਨਸ਼ਾ ਨਾ ਮਿਲਣ ਕਾਰਨ ਇੱਥੇ ਅੱਗੇ ਨਾਲੋਂ ਨਸ਼ੇ ਕਰਨ ਵਾਲਿਆ ਦੀ ਗਿਣਤੀ ਵੱਧ ਰਹੀ ਹੈ।



ਇਕ ਪਾਸੇ ਜਿਥੇ ਪੂਰਾ ਦੇਸ਼ ਕਰੋਨਾ ਵਾਇਰਸ ਨਾਲ ਲੜਨ ਲਈ ਲੌਕਡਾਊਨ ਦੇ ਚਲਦੇ ਦੋ ਹਫ਼ਤਿਆਂ ਤੋਂ ਘਰਾਂ ਵਿੱਚ ਬੈਠ ਕੇ ਇਸ ਮਹਾਮਾਰੀ ਤੋਂ ਆਪਣਾ ਬਚਾਓ ਕਰਨ ਵਿੱਚ ਲੱਗਿਆ ਹੋਇਆ ਹੈ। ਉਥੇ ਹੀ ਹੈਰਾਨ ਕਰ ਦੇਣ ਵਾਲੀ ਦੂਜੀ ਤਸਵੀਰ ਉਹਨਾ ਨਸ਼ੇੜੀਆਂ ਦੀ ਉਭਰ ਕੇ ਸਾਹਮਣੇ ਆ ਰਹੀ ਹੈ, ਜਿਹੜੇ ਨਸ਼ੇ ਦੀ ਘਾਟ ਪੈਦਾ ਹੋਣ ਕਾਰਨ ਬਿਨ੍ਹਾਂ ਨਸ਼ੇ ਤੋ ਤੜਫ਼ਦੇ ਹੋਏ ਵਿਖਾਈ ਦੇ ਰਹੇ ਹਨ।

ਅੱਜ ਸਿਵਲ ਹਸਪਤਾਲ ਸਮਰਾਲਾ ਦੇ ਸਰਕਾਰੀ ਨਸ਼ਾ ਛੂਡਾਊ ਕੇਂਦਰ ਵਿੱਚ ਅਚਾਨਕ ਨਸ਼ੇੜੀਆਂ ਦੀ ਵੱਡੀ ਭੀੜ ਉਮੜ ਪਈ ਅਤੇ ਇਹ ਲੋਕ ਕਰਫਿਊ 'ਚ ਨਸ਼ੇ ਦੀ ਥੁੜ ਕਾਰਨ ਹਾਲੋ-ਬੇਹਾਲ ਹੋਏ ਹਸਪਤਾਲ ਦੇ ਸਟਾਫ਼ ਅੱਗੇ ਨਸ਼ੇ ਦੀਆਂ ਗੋਲੀਆਂ ਲੈਣ ਲਈ ਤਰਲੇ ਕੱਢਦੇ ਹੋਏ ਨਜ਼ਰ ਆ ਰਹੇ ਹਨ। ਬਿਨ੍ਹਾਂ ਕਿਸੇ ਸੋਸ਼ਲ ਡਿਸਟੈਂਸ ਦੇ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗੇ ਇਹਨਾ ਨਸ਼ੇੜੀਆਂ ਨੂੰ ਕਾਬੂ ਕਰਨ ਲਈ ਕੇਂਦਰ ਦਾ ਸਟਾਫ਼ ਵੀ ਅਸਮਰਥ ਵਿਖਾਈ ਦੇ ਰਿਹਾ ਹੈ।



ਅਚਾਨਕ ਨਸ਼ੇੜੀਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧੇ ਨੂੰ ਵੇਖਦੇ ਹੋਏ ਨਸ਼ਾ ਛੂਡਾਊ ਕੇਂਦਰ ਦਾ ਸਟਾਫ਼ ਵੀ ਇਸ ਵੇਲੇ ਅਸਮਝ ਦੀ ਸਥਿਤੀ ਵਿੱਚ ਵਿਖਾਈ ਦੇ ਰਿਹਾ ਹੈ ਅਤੇ ਉਹਨਾ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਅਚਾਨਕ ਲਾਈਨਾਂ ਲਗਾ ਕੇ ਖੜੇ ਇਹਨਾ ਨਸ਼ੇੜੀਆਂ ਦਾ ਕੀ ਇਲਾਜ ਕੀਤਾ ਜਾਵੇ।

ਦੂਜੇ ਪਾਸੇ ਨਸ਼ੇ ਦੀ ਥੁੜ ਕਾਰਨ ਤੜਫ਼ਦੇ ਹੋਏ ਕਈ ਨਸ਼ੇੜੀਆਂ ਨੇ ਤਾਂ ਆਪਣੀ ਵਿਗੜਦੀ ਹਾਲਤ ਨੂੰ ਬਿਆਨ ਕਰਦੇ ਹੋਏ ਇਥੋਂ ਤੱਕ ਮੰਗ ਕੀਤੀ ਕਿ ਜਾ ਤਾਂ ਉਹਨਾ ਨੂੰ ਲਗੀ ਨਸ਼ੇ ਦੀ ਤੋੜ ਦਾ ਕੋਈ ਹੱਲ ਕੀਤਾ ਜਾਵੇ, ਨਹੀਂ ਉਹਨਾ ਨੂੰ ਇਸ ਤਕਲੀਫ਼ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਣ ਲਈ ਉਹਨਾ ਨੂੰ ਮੌਤ ਦੇ ਟੀਕੇ ਹੀ ਲਾ ਦਿੱਤੇ ਜਾਣ ਤਾਂ ਜੋ ਉਹ ਤੜਫਦੀ ਜਿੰਦਗੀ ਤੋਂ ਛੁਟਕਾਰਾ ਪਾ ਸਕਣ।