ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਲਜ਼ਾਮ ਲਾਇਆ ਹੈ ਕਿ ਉਮੀਦਵਾਰ ਪੰਚਾਇਤੀ ਚੋਣਾਂ 'ਚ ਨਸ਼ੇ ਦੀਆਂ ਨਦੀਆਂ ਵਹਾ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਵਾਇਤੀ ਦਲਾਂ ਅਕਾਲੀ-ਭਾਜਪਾ ਤੇ ਕਾਂਗਰਸ ਦਰਮਿਆਨ ਲੋਕਤੰਤਰ ਦੀ ਬੁਨਿਆਦ ਮੰਨੀ ਜਾਂਦੀ ਪੰਚਾਇਤੀ ਰਾਜ ਪ੍ਰਣਾਲੀ ਨੂੰ ਤਬਾਹ ਕਰਨ ਦੀ ਹੋੜ 'ਚ ਲੱਗੀ ਹੋਈ ਹੈ। ਪਿੰਡਾਂ 'ਚ ਸ਼ਰਾਬ ਤੇ ਹੋਰ ਨਸ਼ਿਆਂ ਰਾਹੀਂ ਵੋਟਰਾਂ ਨੂੰ ਭਰਮਾਉਣ ਦੀਆਂ ਖੁੱਲ੍ਹੇਆਮ ਕੋਸ਼ਿਸ਼ਾਂ ਜਾਰੀ ਹਨ।


ਚੀਮਾ ਨੇ ਕਿਹਾ ਕਿ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਵਰਤਾਈ ਜਾ ਰਹੀ ਹੈ, ਪਰ ਪੁਲਸ ਤੇ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਆਦਿ ਜ਼ਿਲ੍ਹਿਆਂ 'ਚ ਹਰਿਆਣਾ ਤੇ ਬਾਹਰੀ ਰਾਜਾਂ ਦੇ ਕੋਟੇ ਦੀ ਗੈਰ ਕਾਨੂੰਨੀ ਸ਼ਰਾਬ ਦੀਆਂ ਜੋ ਖੇਪਾਂ ਫੜੀਆਂ ਗਈਆਂ ਹਨ, ਇਹ ਮਹਿਜ਼ ਟ੍ਰੇਲਰ ਹਨ, ਜਦਕਿ ਹਜ਼ਾਰਾਂ ਦੀ ਗਿਣਤੀ 'ਚ ਗੈਰ ਕਾਨੂੰਨੀ ਸ਼ਰਾਬ ਦੀਆਂ ਪੇਟੀਆਂ ਹਰੇਕ ਜ਼ਿਲ੍ਹੇ 'ਚ ਵੰਡੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ 'ਸ਼ਹੀਦੀ ਪੰਦ੍ਹਰਵਾੜੇ' ਦੌਰਾਨ ਨਸ਼ੇ ਵਰਤਾਉਣ ਵਾਲੇ ਇਸ 'ਪਾਪ' 'ਚ ਜਿੱਥੇ ਖ਼ੁਦ ਨੂੰ ਪੰਥਕ ਪਾਰਟੀ ਦੱਸਣ ਵਾਲਾ ਅਕਾਲੀ ਦਲ (ਬਾਦਲ) ਸ਼ਾਮਲ ਹੈ, ਉੱਥੇ ਸੱਤਾਧਾਰੀ ਕਾਂਗਰਸ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫ਼ਤਿਆਂ ਦੌਰਾਨ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ।