ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਤਕਰੀਬਨ ਇੱਕ ਮਹੀਨੇ ਵਿੱਚ 46 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਹੈ। ਬੁੱਧਵਾਰ ਨੂੰ ਹੀ ਨਸ਼ਿਆਂ ਦੀ ਓਡਰਡੋਜ਼ ਨੇ ਚਾਰ ਘਰਾਂ ’ਚ ਸੱਥਰ ਵਿਛਾ ਦਿੱਤੇ। ਸੂਤਰਾਂ ਮੁਤਾਬਕ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਕੇਸ ਮੀਡੀਆ ਵਿੱਚ ਆਉਂਦੇ ਹੀ ਨਹੀਂ।


 

ਹਾਸਲ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਸ਼ਹਿਰ ਦੀ ਬਸਤੀ ਸੁੰਨਵਾਂ, ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ੍ਹ, ਅਜਨਾਲਾ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ (ਅੰਮ੍ਰਿਤਸਰ) ਤੇ ਲੁਧਿਆਣਾ ਦੇ ਲੁਹਾਰਾ ਇਲਾਕੇ ਵਿੱਚ ਨਸ਼ੇ ਦੀ ਵਧ ਡੋਜ਼ ਲਏ ਜਾਣ ਕਰਕੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ।

ਹੈਰਾਨੀ ਦੀ ਗੱਲ ਗੱਲ ਹੈ ਸਰਕਾਰ ਅਜੇ ਵੀ ਇਨ੍ਹਾਂ ਮੌਤਾਂ ਦਾ ਕਾਰਨ ਨਸ਼ਿਆਂ ਨੂੰ ਮੰਨਣ ਤੋਂ ਇਨਕਾਰੀ ਹੈ। ਸਰਕਾਰ ਦਾ ਦਾਅਵਾ ਹੈ ਕਿ ਨਸ਼ੇ ਨਾਲ ਅਜੇ ਇੱਕ ਮੌਤ ਹੋਈ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਡਰੱਗ ਓਵਰਡੋਜ਼ ਨਾਲ ਪੰਜਾਬ ਵਿੱਚ ਸਿਰਫ਼ ਇੱਕ ਨੌਜਵਾਨ ਦੀ ਮੌਤ ਹੋਈ ਹੈ।

ਦਰਅਸਲ ਨਸ਼ਿਆਂ ਨੂੰ ਰੋਕਣ ਬਾਰੇ ਕਾਂਗਰਸ ਸਰਕਾਰ ਦੀ ਨਾਕਾਮੀ ਜੱਗ ਜਾਹਿਰ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨੂੰ ਮਹੀਨੇ ਦੇ ਅੰਦਰ-ਅੰਦਰ ਰੋਕਣ ਦਾ ਦਾਅਵਾ ਕੀਤਾ ਸੀ ਪਰ ਤਾਜ਼ਾ ਰਿਪੋਰਟਾਂ ਨੇ ਸਰਕਾਰੀ ਦੀ ਪੋਲ ਖੋਲ੍ਹ ਦਿੱਤੀ ਹੈ।