ਲੁਧਿਆਣਾ: ਪੰਜਾਬ ਵਿੱਚ ਨਸ਼ਿਆਂ ਦਾ ਜਾਲ ਇੰਨਾ ਉਲਝ ਗਿਆ ਹੈ ਕਿ ਪੁਲਿਸ ਤੇ ਸਰਕਾਰ ਨੂੰ ਇਸ ਦੀ ਤਾਣੀ ਸੁਲਝਾਉਣੀ ਔਖੀ ਹੋ ਗਈ ਹੈ। ਲੁਧਿਆਣਾ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਆਮ ਲੋਕ ਨਸ਼ਾ ਤਸਕਰੀ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨਾਲ ਨਜਿੱਠਣ ਲਈ ਬਣਾਈ ਐਸਟੀਐਫ ਨੇ ਦੋ ਔਰਤਾਂ ਸਣੇ ਤਿੰਨ ਲੋਕਾ ਨੂੰ 2 ਕਿੱਲੋ 200 ਗ੍ਰਾਮ ਹੈਰੋਇਨ ਤੇ ਦੋ ਲੱਖ ਰੁਪਏ ਸਣੇ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਫੜੀ ਗਈ ਹੈਰੋਇਨ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ।

ਐਸਟੀਐਫ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰ ਤਸਕਰਾਂ ਵਿੱਚ ਇੱਕ ਜਣਾ ਮੋਗਾ ਵਿੱਚ ਚਾਹ ਦੀ ਦੁਕਾਨ ਚਲਾਉਂਦਾ ਹੈ। ਔਰਤਾਂ ਵਿੱਚੋਂ ਇੱਕ ਟਿਊਸ਼ਨ ਪੜ੍ਹਾਉਂਦੀ ਹੈ ਤੇ ਦੂਜੀ ਘਰੇਲੂ ਕੰਮ ਕਰਦੀ ਹੈ। ਇਸ ਬਾਰੇ ਪੁਲਿਸ ਹੋਰ ਜਾਂਚ ਕਰ ਰਹੀ ਹੈ। ਇਸ ਤੋਂ ਇਹ ਵੀ ਪਤਾ ਲੱਗਾ ਹੈ ਕਿ ਵੱਡੇ ਨਸ਼ਾ ਤਸਕਰ ਹੁਣ ਆਮ ਲੋਕਾਂ ਤੋਂ ਧੰਦਾ ਕਰਵਾ ਰਹੇ ਹਨ ਤਾਂ ਜੋ ਪੁਲਿਸ ਨੂੰ ਵੀ ਸ਼ੱਕ ਨਾ ਹੋਵੇ।

ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਗਿੱਲ ਨਹਿਰ ਪੁਲ ਨੇੜਿਓਂ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਔਰਤਾਂ ਸਣੇ ਤਿੰਨ ਮੁਲਜ਼ਮਾਂ ਨੂੰ 2 ਕਿੱਲੋ 200 ਗ੍ਰਾਮ ਹੈਰੋਇਨ ਤੇ ਦੋ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਵੱਖ-ਵੱਖ ਸਮੇਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਹੈ ਜਦੋਂਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਸੰਜੀਵ ਕੁਮਾਰ ਉਰਫ ਸੰਨੀ ਮੌਕੇ ਤੋਂ ਫਰਾਰ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਕੇਵਲ ਕ੍ਰਿਸ਼ਨ ਉਰਫ ਕਾਲਾ, ਪਾਇਲ ਤੇ ਪੂਨਮ ਰਾਣੀ ਸ਼ਾਮਲ ਹਨ। ਇਹ ਤਿੰਨੇ ਮੁਲਜ਼ਮ ਵੱਖ-ਵੱਖ ਇਲਾਕਿਆਂ ਵਿੱਚ ਹੈਰੋਇਨ ਦੀ ਸਪਲਾਈ ਕਰਦੇ ਸਨ। ਇਨ੍ਹਾਂ ਵਿੱਚੋਂ ਕੇਵਲ ਕ੍ਰਿਸ਼ਨ ਉਰਫ ਕਾਲਾ ਮੋਗਾ ਵਿੱਚ ਚਾਹ ਦੀ ਦੁਕਾਨ ਚਲਾਉਂਦਾ ਹੈ ਜਦੋਂਕਿ ਪਾਇਲ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਹੈ। ਤੀਜੀ ਔਰਤ ਪੂਨਮ ਰਾਣੀ ਘਰੇਲੂ ਔਰਤ ਹੈ।

ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਤਿੰਨੇ ਮੁਲਜ਼ਮਾਂ ਨੇ ਕਬੂਲ ਕਰ ਲਿਆ ਹੈ ਕਿ ਉਹ ਤਿੰਨੇ ਮਿਲਕੇ ਸੰਜੀਵ ਕੁਮਾਰ ਉਰਫ ਸੰਨੀ ਤੋਂ ਹੈਰੋਇਨ ਲਿਆ ਕੇ ਅੱਗੇ ਵੇਚਦੇ ਸਨ। ਬੀਤੇ ਦੋ ਸਾਲਾਂ ਤੋਂ ਉਹ ਇਹ ਕੰਮ ਕਰ ਰਹੇ ਸਨ। ਏਆਈਜੀ ਨੇ ਦੱਸਿਆ ਕਿ ਪੂਨਮ ਰਾਣੀ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।