ਚੰਡੀਗੜ੍ਹ: ਕੈਪਟਨ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ੍ਹ ਨਹੀਂ ਪੈ ਰਹੀ। ਤਾਜ਼ਾ ਰਿਪੋਰਟਾਂ ਦੇ ਖੁਲਾਸਿਆਂ ਤੋਂ ਪਤਾ ਲੱਗਾ ਹੈ ਕਿ ਹਾਲਤ ਪਹਿਲਾਂ ਨਾਲੋਂ ਵੀ ਗੰਭੀਰ ਹੁੰਦੀ ਜਾ ਰਹੀ ਹੈ। ਨੌਜਵਾਨਾਂ ਦੇ ਨਾਲ-ਨਾਲ ਹੁਣ ਕੁੜੀਆਂ ਤੇ ਬੱਚੇ ਵੀ ਨਸ਼ਿਆਂ ਦੀ ਦਲ-ਦਲ ਵਿੱਚ ਧਸਦੇ ਜਾ ਰਹੇ ਹਨ। ਇਹ ਵੀ ਹੈਰਾਨੀ ਦੀ ਗੱਲ਼ ਹੈ ਕਿ ਨਸ਼ੇ ਪਹਿਲਾਂ ਵਾਂਗ ਹੀ ਆਮ ਵਿਕ ਰਹੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।


ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਕੂਲਾਂ ਵਿੱਚ ਪੜ੍ਹਦੇ ਬੱਚੇ ਵੀ ਨਸ਼ਿਆਂ ਦੀ ਮਾਰ ਹੇਠ ਆ ਗਏ ਹਨ। ਰਿਪੋਰਟ ਮੁਤਾਬਕ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਵਿੱਚ 9-15 ਸਾਲ ਦੀ ਉਮਰ ਦੇ 70 ਤੋਂ 80 ਬੱਚੇ ਨਸ਼ੇ ਕਰ ਰਹੇ ਹਨ। ਇਹ ਬੱਚੇ ਟਾਇਰ-ਟਿਊਬਾਂ ਨੂੰ ਪੈਂਚਰ ਲਾਉਣ ਵਾਲੀ ਬੋਨਫਿਕਸ ਨੂੰ ਲਿਫਾਫੇ ਵਿੱਚ ਪਾ ਕੇ ਤੇਜ਼ੀ ਨਾਲ ਉਸ ਨੂੰ ਸੁੰਘਦੇ ਹਨ, ਜਿਸ ਨਾਲ ਇਨ੍ਹਾਂ ਨੂੰ ਨਸ਼ਾ ਹੋ ਜਾਂਦਾ ਹੈ ਤੇ ਇਨ੍ਹਾਂ ਮੁਤਾਬਕ ਨਸ਼ੇ ਦਾ ਅਸਰ 4 ਤੋਂ 5 ਘੰਟੇ ਤੱਕ ਰਹਿੰਦਾ ਹੈ।

ਐਨਜੀਓ ਸੰਸਥਾ ਵੱਲੋਂ ਇਨ੍ਹਾਂ ਬੱਚਿਆਂ ਦਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਉਣ ਦੇ ਨਾਲ-ਨਾਲ ਇਨ੍ਹਾਂ ਬੱਚਿਆਂ ਦਾ ਮੈਡੀਕਲ ਇਲਾਜ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਦਾ ਰੈੱਡ ਕਰਾਸ ਰਾਹੀਂ ਪੜ੍ਹਾਈ ਤੇ ਰਹਿਣ-ਸਹਿਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਐਨਜੀਓ ਦੇ ਬੁਲਾਰੇ ਸੁਖਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਵੱਲੋਂ ਨਸ਼ੇ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਬੱਚੇ ਆਪਸ ’ਚ ਇੱਕ-ਦੂਜੇ ਨਾਲ ਨਸ਼ੇ ਦਾ ਤਰੀਕਾ ਸਾਂਝਾ ਕਰਦੇ ਹਨ, ਜਿਸ ਕਰਕੇ ਹੋਰ ਬੱਚੇ ਉਸੇ ਤਰ੍ਹਾਂ ਕਰਕੇ ਨਸ਼ੇ ਦੀ ਲਪੇਟ ਵਿੱਚ ਆ ਰਹੇ ਹਨ।

ਇਸ ਤੋਂ ਇਲਾਵਾ ਪਹਿਲਾਂ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚੋਂ ਆਈਆਂ ਰਿਪੋਰਟਾਂ ਵਿੱਚ ਖੁਲਾਸਾ ਹੋਇਆ ਹੈ ਕਿ ਸਕੂਲਾਂ-ਕਾਲਜਾਂ ਵਿੱਚ ਮੁੰਡੇ ਤੇ ਕੁੜੀਆਂ ਨਸ਼ੇ ਦੇ ਆਦੀ ਹੋ ਰਹੇ ਹਨ। ਪਿਛਲੇ ਦਿਨੀਂ ਇੱਕ ਕੁੜੀ ਦੀ ਨਸ਼ਿਆਂ ਕਰਕੇ ਮੌਤ ਵੀ ਹੋ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਨਸ਼ਾ ਆਸਾਨੀ ਨਾਲ ਮਿਲਣ ਕਰਕੇ ਬੱਚੇ ਕੇ ਕੁੜੀਆਂ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਬੇਸ਼ੱਕ ਸਰਕਾਰ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਦਾਅਵੇ ਕਰ ਰਹੀ ਹੈ ਪਰ ਨਸ਼ਾ ਕਰਨ ਵਾਲਿਆਂ ਨੂੰ ਇਹ ਆਸਾਨੀ ਨਾਲ ਮੁਹੱਈਆ ਹੋ ਰਹੇ ਹਨ।