ਮਝੈਲਾਂ 'ਤੇ ਨਸ਼ਿਆਂ ਦਾ ਕਹਿਰ, ਜਾਣੋ ਸਰਕਾਰੀ ਅੰਕੜਿਆਂ ਦਾ ਸੱਚ
ਏਬੀਪੀ ਸਾਂਝਾ | 02 Jul 2019 12:19 PM (IST)
ਨਸ਼ਿਆਂ ਦੇ ਕਹਿਰ ਨੇ ਮਝੈਲਾਂ ਨੂੰ ਬੁਰੀ ਤਰ੍ਹਾਂ ਭੰਨ੍ਹ ਸੁੱਟਿਆ ਹੈ। ਪੰਜਾਬ ਦੇ ਮਾਝਾ ਖਿੱਤੇ ਬਾਰੇ ਅੰਕੜੇ ਹੋਸ਼ ਉਡਾ ਦੇਣ ਵਾਲੇ ਹਨ। ਇਹ ਅੰਕੜੇ ਨਸ਼ਿਆਂ ਨੂੰ ਠੱਲ ਪਾਉਣਾ ਬਾਰੇ ਸਰਕਾਰ ਤੇ ਪੁਲਿਸ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹਦੇ ਹਨ। ਉਂਝ ਇਹ ਤਸਵੀਰ ਹੀ ਸਾਰੇ ਪੰਜਾਬ ਦੀ ਹੈ।
ਸੰਕੇਤਕ ਤਸਵੀਰ
ਚੰਡੀਗੜ੍ਹ: ਨਸ਼ਿਆਂ ਦੇ ਕਹਿਰ ਨੇ ਮਝੈਲਾਂ ਨੂੰ ਬੁਰੀ ਤਰ੍ਹਾਂ ਭੰਨ੍ਹ ਸੁੱਟਿਆ ਹੈ। ਪੰਜਾਬ ਦੇ ਮਾਝਾ ਖਿੱਤੇ ਬਾਰੇ ਅੰਕੜੇ ਹੋਸ਼ ਉਡਾ ਦੇਣ ਵਾਲੇ ਹਨ। ਇਹ ਅੰਕੜੇ ਨਸ਼ਿਆਂ ਨੂੰ ਠੱਲ ਪਾਉਣਾ ਬਾਰੇ ਸਰਕਾਰ ਤੇ ਪੁਲਿਸ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹਦੇ ਹਨ। ਉਂਝ ਇਹ ਤਸਵੀਰ ਹੀ ਸਾਰੇ ਪੰਜਾਬ ਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਾਝੇ ਦੇ ਜ਼ਿਲ੍ਹਿਆਂ ਵਿੱਚ 70 ਹਜ਼ਾਰ ਤੋਂ ਵੱਧ ਵਿਅਕਤੀ ਨਸ਼ਿਆਂ ਦੇ ਆਦੀ ਹਨ। ਇਨ੍ਹਾਂ ਵਿੱਚ ਛੋਟੇ ਬੱਚੇ ਤੇ ਕੁੜੀਆਂ ਵੀ ਸ਼ਾਮਲ ਹਨ। ਉਂਝ ਇਹ ਅੰਕੜੇ ਉਹ ਹਨ ਜਿਹੜੇ ਸਰਕਾਰੀ ਰਿਕਾਰਡ ਵਿੱਚ ਦਰਜ ਹੋਏ ਹਨ, ਅਸਲੀਅਤ ਇਹ ਤੋਂ ਵੀ ਭਿਆਨਕ ਹੈ। ਸਰਕਾਰੀ ਅੰਕੜਿਆਂ ਮੁਤਾਬਕ ਤਰਨ ਤਾਰਨ ਜ਼ਿਲ੍ਹੇ ਅੰਦਰ 37,498 ਵਿਅਕਤੀ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ। ਇਨ੍ਹਾਂ ’ਚੋਂ 14,952 ਸਰਕਾਰੀ ਓਟ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ ਜਦਕਿ 22,546 ਵਿਅਕਤੀ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਨੌਂ ਸਾਲ ਦੇ ਬੱਚੇ ਵੀ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ। ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਭੱਗੂਪੁਰਾ ਦੇ ਮੁੜ ਵਸੇਬਾ ਕੇਂਦਰ ਵਿੱਚ 50 ਦੇ ਕਰੀਬ ਬੱਚੇ ਇਲਾਜ ਕਰਵਾ ਰਹੇ ਹਨ। ਇਨ੍ਹਾਂ ਬੱਚਿਆਂ ਦੀ ਉਮਰ 9 ਤੋਂ 15 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਅੰਦਰ 11,302 ਵਿਅਕਤੀ ਸਰਕਾਰੀ ਓਟ ਕੇਂਦਰਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਅੰਮ੍ਰਿਤਸਰ ਜ਼ਿਲ੍ਹੇ ਅੰਦਰ 15,805 ਵਿਅਕਤੀ ਸਰਕਾਰੀ ਕੇਂਦਰਾਂ ਵਿੱਚ ਤੇ 6,226 ਵਿਅਕਤੀ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਕਈ ਥਾਵਾਂ ’ਤੇ ਲੜਕੀਆਂ ਵੀ ਇਲਾਜ ਕਰਵਾ ਰਹੀਆਂ ਹਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅੰਦਰ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚ 1,589 ਵਿਅਕਤੀ ਇਲਾਜ ਕਰਵਾ ਰਹੇ ਹਨ। ਇਸੇ ਤਰ੍ਹਾਂ ਗੁਰਦਾਸਪੁਰ ਦੀ ਜੇਲ੍ਹ ਅੰਦਰ ਕੇਂਦਰ ਵਿੱਚ 538 ਕੈਦੀ ਨਸ਼ਾ ਛੱਡਣ ਦੀ ਦਵਾਈ ਖਾ ਰਹੇ ਹਨ।