ਚੰਡੀਗੜ੍ਹ: ਕੈਪਟਨ ਸਰਕਾਰ ਦੀ ਸਖਤੀ ਨਾਲ ਨਸ਼ਿਆਂ ਨੂੰ ਬੰਨ੍ਹ ਤਾਂ ਨਹੀਂ ਵੱਜਿਆ ਪਰ ਨਸ਼ਾ ਕਕਰਨ ਵਾਲਿਆਂ ਦੀ ਜੇਬ ਜ਼ਰੂਰ ਹੌਲੀ ਹੋਣ ਲੱਗੀ ਹੈ। ਪੁਲਿਸ ਦੀ ਸਖਤੀ ਕਰਕੇ ਨਸ਼ਿਆਂ ਦੇ ਭਾਅ ਵਧ ਗਏ ਹਨ। ਇਸ ਲਈ ਅਮਲੀ ਕਾਫੀ ਔਖੇ ਹਨ। ਉਂਝ ਨਸ਼ਿਆਂ ਦੀ ਤਸਕਰੀ ਸ਼ਰੇਆਮ ਜਾਰੀ ਹੈ ਪਰ ਪੁਲਿਸ ਦੀ ਸਖਤੀ ਦਾ ਹਵਾਲਾ ਦੇ ਕੇ ਵੱਧ ਭਾਅ ਵਸੂਲਿਆ ਜਾ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਨਸ਼ੇ ਦੀਆਂ ਗੋਲੀਆਂ ਦਾ ਇੱਕ ਪੱਤਾ ਜੋ ਪਹਿਲਾਂ ਕਿਸੇ ਵੀ ਮੈਡੀਕਲ ਸਟੋਰ ਤੋਂ ਆਸਾਨੀ ਨਾਲ 20 ਜਾਂ 30 ਰੁਪਏ ਵਿੱਚ ਮਿਲ ਜਾਂਦਾ ਸੀ, ਹੁਣ ਉਸ ਦੀ ਕੀਮਤ 100 ਰੁਪਏ ਤੱਕ ਪਹੁੰਚ ਗਈ ਹੈ। ਦਿਹਾੜੀ ਮਜ਼ਦੂਰੀ ਕਰਨ ਵਾਲੇ ਜ਼ਿਆਦਾਤਰ ਵਿਅਕਤੀ ਇਨ੍ਹਾਂ ਗੋਲੀਆਂ ਦਾ ਇਸਤੇਮਾਲ ਕਰਦੇ ਹਨ। ਹੁਣ ਇਹ ਗੋਲੀਆਂ ਕੁਝ ਚੋਣਵੇਂ ਦੁਕਾਨਦਾਰਾਂ ਕੋਲੋਂ ਹੀ ਮਿਲਦੀਆਂ ਹਨ ਜਿਨ੍ਹਾਂ ਦੀ ਸਿਹਤ ਵਿਭਾਗ ਤੇ ਪੁਲਿਸ ਮਹਿਕਮੇ ਤੱਕ ਪਹੁੰਚ ਹੈ।

ਇਸੇ ਤਰ੍ਹਾਂ ਡੇਢ ਸੌ ਰੁਪਏ ਵਿੱਚ ਮਿਲਣ ਵਾਲੀ ਚਿੱਟੇ ਦੀ ਪੁੜੀ ਦੀ ਕੀਮਤ ਹੁਣ ਤਿੰਨ ਸੌ ਰੁਪਏ ਤੱਕ ਪਹੁੰਚ ਗਈ ਹੈ। ਮੋਟੀ ਕਮਾਈ ਦੇ ਲਾਲਚ ’ਚ ਹੁਣ ਕੁਝ ਔਰਤਾਂ ਵੀ ਇਸ ਧੰਦੇ ਵਿੱਚ ਸ਼ਾਮਲ ਹੋ ਗਈਆਂ ਹਨ। ਨਸ਼ੇੜੀਆਂ ਮੁਤਾਬਕ ਪਿੰਡਾਂ ਵਿੱਚ ਬੈਠੇ ਕੁਝ ਝੋਲਾ ਛਾਪ ਡਾਕਟਰ ਨਸ਼ਾ ਛੱਡਣ ਦੀ ਦਵਾਈ ਦੀ ਆੜ ਹੇਠ ਨੌਜਵਾਨਾਂ ਨੂੰ ਸਗੋਂ ਨਸ਼ੇ ’ਤੇ ਲਾ ਕੇ ਮੋਟੀ ਕਮਾਈ ਕਰ ਰਹੇ ਹਨ।

ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਨਸ਼ੇ ਨੂੰ ਖ਼ਤਮ ਕਰਨ ਲਈ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਤਹਿਤ ਹੁਣ ਤੱਕ 27 ਹਜ਼ਾਰ ਮੁਕੱਦਮੇ ਦਰਜ ਕਰਕੇ ਨਸ਼ਾ ਤਸਕਰੀ ਨਾਲ ਜੁੜੇ ਹੋਏ 33 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀ ਸਮੱਗਰੀ ਬਰਾਮਦ ਕੀਤੀ ਗਈ ਹੈ।

ਸਰਕਾਰ ਦੇ ਦਾਅਵੇ ਬੇਸ਼ੱਕ ਕੁਝ ਵੀ ਹੋਣ ਪਰ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਨਹੀਂ ਰੁਕੀ। ਹੋਰ ਤਾਂ ਹੋਰ ਦਵਾਈਆਂ ਦੀਆਂ ਦੁਕਾਨਾਂ ਤੋਂ ਨਸ਼ੇ ਮਿਲ ਰਹੇ ਹਨ। ਉਂਝ ਸਰਕਾਰੀ ਸਖਤੀ ਕਰਕੇ ਨਸ਼ਿਆਂ ਦਾ ਭਾਅ ਜ਼ਰੂਰ ਵਧ ਗਿਆ ਹੈ।