ਬਠਿੰਡਾ: ਬਠਿੰਡਾ ਦੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਲਈ ਕਾਨੂੰਨ ਵੀ ਕੋਈ ਮਾਇਨੇ ਨਹੀਂ ਰੱਖਦਾ। ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਲਾਗੂ ਕੀਤੀ ਗਈ ਸੂਬਾ ਪਾਲਿਸੀ ਦੀ ਉਲੰਘਣਾ ਕਰਦਿਆਂ ਬਠਿੰਡਾ ਸਿਟੀ-1 ਦੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦੀ ਸੇਵਾ 'ਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਗਿਆ ਹੈ।
ਡੀਐਸਪੀ ਰੋਮਾਣਾ 31 ਜੁਲਾਈ ਨੂੰ ਰਿਟਾਇਰ ਹੋਣ ਵਾਲੇ ਸਨ, ਪਰ ਗ੍ਰਹਿ ਵਿਭਾਗ ਨੇ 26 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਉਨ੍ਹਾਂ ਦੇ ਕਾਰਜਕਾਲ ਨੂੰ 31 ਜੁਲਾਈ 2022 ਤਕ ਵਧਾ ਦਿੱਤਾ। ਰੋਮਾਣਾ ਕਾਂਗਰਸ ਤੇ ਅਕਾਲੀ-ਭਾਜਪਾ ਦੋਵਾਂ ਸਰਕਾਰਾਂ 'ਚ ਚਹੇਤੇ ਅਫ਼ਸਰ ਰਹੇ ਹਨ।
ਇਸ ਬਾਰੇ ਡੀਐਸਪੀ ਰੁਮਾਣਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਤੇ ਨਿਯਮਾਂ ਅਨੁਸਾਰ ਹੀ ਉਨ੍ਹਾਂ ਦੇ ਸੇਵਾ ਕਾਲ ਵਿੱਚ ਵਾਧਾ ਹੋਇਆ ਹੈ। ਇਹ ਸਰਕਾਰ ਦੀ ਪਾਲਿਸੀ ਮੁਤਾਬਕ ਹੀ ਹੋਇਆ ਹੈ।
ਗੋਨਿਆਣਾ ਮੰਡੀ ਦੇ ਗੋਵਿੰਦ ਗੁਪਤਾ ਵਿਰੁੱਧ 10 ਅਪ੍ਰੈਲ, 2017 ਨੂੰ ਨੇਹੀਆਂਵਾਲਾ ਥਾਣੇ 'ਚ ਕੇਸ ਦਰਜ ਹੋਣ ਤੋਂ ਬਾਅਦ 2017 'ਚ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਗੁਪਤਾ ਨੂੰ 1500 ਗੋਲੀਆਂ ਦੇ ਗੈਰ-ਕਨੂੰਨੀ ਭੰਡਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਡੀਐਸਪੀ ਰੋਮਾਣਾ ਵੱਲੋਂ ਪੁੱਛਗਿੱਛ ਤੋਂ ਬਾਅਦ ਉਸ ਨੂੰ ਕਲੀਨ ਚਿੱਟ ਦੇਣ ਦੇ 10 ਦਿਨਾਂ ਦੇ ਅੰਦਰ ਰਿਹਾਅ ਕਰ ਦਿੱਤਾ ਗਿਆ ਸੀ।
ਜਦੋਂ ਇਹ ਮਾਮਲਾ ਤਤਕਾਲੀ ਬਠਿੰਡਾ ਦੇ ਆਈਜੀ ਐਮਐਸ ਛੀਨਾ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਫ਼ਰੀਦਕੋਟ ਦੇ ਤਤਕਾਲੀ ਐਸਐਸਪੀ ਡਾ. ਨਾਨਕ ਸਿੰਘ ਤੋਂ ਇਸ ਦੀ ਜਾਂਚ ਕਰਵਾਈ। ਜਾਂਚ ਰਿਪੋਰਟ 'ਚ ਰੋਮਾਣਾ ਨੂੰ ਦੋਸ਼ੀ ਠਹਿਰਾਇਆ ਗਿਆ ਕਿਉਂਕਿ ਉਨ੍ਹਾਂ ਦੇ ਵਿਰੁੱਧ ਦੋਸ਼ ਸਹੀ ਪਾਏ ਗਏ ਸਨ, ਪਰ ਰਿਪੋਰਟ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਹਾਲਾਂਕਿ ਦੋਸ਼ ਤੈਅ ਹੋਣ ਤੋਂ ਬਾਅਦ ਉਨ੍ਹਾਂ ਨੂੰ 6ਵੀਂ ਆਈਆਰਬੀ ਲੱਡਾ ਕੋਠੀ ਸੰਗਰੂਰ 'ਚ ਟਰਾਂਸਫਰ ਕਰ ਦਿੱਤਾ ਗਿਆ ਤੇ ਬਾਅਦ 'ਚ ਡੀਐਸਪੀ ਬਠਿੰਡਾ ਵਜੋਂ ਵਾਪਸ ਹੋ ਗਈ। ਉਦੋਂ ਤੋਂ ਉਹ ਇੱਥੇ ਤਾਇਨਾਤ ਹਨ। 'ਆਪ' ਦੇ ਸੂਬਾ ਬੁਲਾਰੇ ਨੀਲ ਗਰਗ ਨੇ ਕਿਹਾ, "ਇਸ ਸਰਕਾਰ ਨੂੰ ਨਿਯਮਾਂ ਦੀ ਪਰਵਾਹ ਨਹੀਂ ਹੈ। ਇਹ ਗਲਤ ਹੈ ਕਿ ਇਕ ਸਰਕਾਰੀ ਮੁਲਾਜ਼ਮ ਦੇ ਸੇਵਾ ਕਾਲ 'ਚ ਨਿਯਮਾਂ ਦੇ ਖ਼ਿਲਾਫ਼ ਵਾਧਾ ਕੀਤਾ ਗਿਆ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin