ਨਵੀਂ ਦਿੱਲੀ: ਮੌਸਮ 'ਚ ਤਬਦੀਲੀ ਕਾਰਨ ਮਹਿਗਾਈ ਵਿੱਚ ਵੀ ਵਾਧਾ ਹੋਇਆ ਹੈ ਤੇ ਇਸ ਦਾ ਸਿੱਧਾ ਅਸਰ ਰਸੋਈ 'ਤੇ ਪੈ ਰਿਹਾ ਹੈ। ਪੰਜਾਬ 'ਚ ਪਿਛਲੇ ਕਈ ਦਿਨਾਂ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ, ਕਈ ਥਾਈਂ ਇਹ ਵਾਧਾ ਦੁੱਗਣਾ ਵੀ ਨਜਡਰ ਆਇਆ।
ਕਾਰੋਬਾਰੀਆਂ ਨੇ ਸਬਜ਼ੀਆਂ ਦੀਆਂ ਵਧੀਆਂ ਹੋਈਆਂ ਕੀਮਤਾਂ ਪਿੱਛੇ ਸਪਲਾਈ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ। ਕਾਰੋਬਾਰੀਆਂ ਮੁਤਾਬਕ ਲੌਕੀ, ਭਿੰਡੀ, ਮਟਰ, ਪਾਲਕ, ਫੁੱਲਗੋਭੀ, ਕਰੇਲਾ, ਬੈਂਗਨ ਆਦੀ ਦੀਆਂ ਕੀਮਤਾਂ ਲਗਪਗ ਦੁੱਗਣੀਆਂ ਹੋ ਗਈਆਂ ਹਨ। ਪਿਛਲੇ 15 ਦਿਨਾਂ ਤੋਂ ਟਮਾਟਰ, ਹਰੀ ਮਿਰਚ, ਟਿੰਡਾ, ਖੀਰਾ ਤੇ ਤੋਰੀਆਂ ਆਦਿ ਸਬਜ਼ੀਆਂ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਗਈ।
ਸਬਜ਼ੀਆਂ ਦੇ ਭਾਅ ਵਧਣ ਪਿੱਛੇ ਮੌਸਮ ਸਮੇਤ ਕਈ ਕਾਰਨ ਦੱਸੇ ਗਏ ਹਨ ਕਿਉਂਕਿ ਕਈ ਹਿੱਸਿਆ 'ਚ ਬਾਰਸ਼ ਹੋਈ ਹੈ ਤੇ ਕਿਤੇ ਸੋਕਾ ਚੱਲ ਰਿਹਾ ਹੈ।
ਕਾਰੋਬਾਰੀਆਂ ਮੁਤਾਬਕ ਲੌਕੀ 30 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਜਗ੍ਹਾ 60 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ, ਭਿੰਡੀ 30 ਰੁਪਏ ਤੋਂ ਵਧ ਕੇ 60 ਰੁਪਏ ਪ੍ਰਤੀ ਕਿਲੋਗ੍ਰਾਮ, ਪਾਲਕ 15 ਰੁਪਏ ਤੋਂ ਵਧ ਕੇ 20 ਤੋਂ 30 ਰੁਪਏ, ਟੀਂਡਾ 40-50 ਰੁਪਏ ਤੋਂ ਵਧ ਕੇ 70-80 ਰੁਪਏ ਪ੍ਰਤੀ ਕਿਲੋਗ੍ਰਾਮ, ਹਰੀ ਮਿਰਚ ਮਟਰ 40 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿਲੋਗ੍ਰਾਮ, ਬੈਂਗਣ 30 ਤੋਂ ਵਧ ਕੇ 50, ਟਮਾਟਰ 20-25 ਦੀ ਜਗ੍ਹਾ 40 ਰੁਪਏ ਪ੍ਰਤੀ ਕਿਲੋਗ੍ਰਾਮ ਜਦਕਿ ਮਟਰ 80 ਰੁਪਏ ਤੋਂ ਵਧ ਕੇ 120 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ ਹਨ।
ਇਸ ਤੋਂ ਇਲਾਵਾ ਫੁੱਲ ਗੋਭੀ 20 ਰੁਪਏ ਤੋਂ ਵਧ ਕੇ 50 ਰੁਪਏ ਪ੍ਰਤੀ ਕਿਲੋ ਤੇ ਕਰੇਲਾ 50 ਤੋਂ 60 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੌਰਾਨ ਪਿਆਜ਼ ਤੇ ਆਲੂ ਦੇ ਭਾਅ ਸਥਿਰ ਰਹੇ।