ਚੰਡੀਗੜ੍ਹ: ਮੁਹਾਲੀ ਤੋਂ ਗੱਡੀ ਖੋਹ ਕੇ ਭੱਜੇ ਜੱਗੂ ਗੁਰਦਾਸਪੁਰੀਆ ਗੈਂਗ ਦੇ ਬਦਮਾਸ਼ਾਂ ਦਾ ਪਿੱਛਾ ਕਰਦਿਆਂ ਪੰਜਾਬ ਪੁਲਿਸ ਨਾਲ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਨੈਣਾਂ ਦੇਵੀ ਮੰਦਿਰ ਕੋਲ ਜਾ ਕੇ ਐਨਕਾਊਂਟਰ ਹੋਇਆ, ਜਿਸ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਜਦਕਿ ਦੋ ਗ੍ਰਿਫ਼ਤਾਰ ਕੀਤੇ ਗਏ ਹਨ। ਮਾਰੇ ਗਏ ਬਦਮਾਸ਼ ਦੀ ਪਛਾਣ ਸੰਨੀ ਮਸੀਹ ਵਜੋਂ ਹੋਈ ਹੈ।
ਮੁਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਚਹਿਲ ਨੇ ਦੱਸਿਆ ਕਿ ਗੋਲਡੀ ਮਸੀਹ ਤੇ ਅਮਨ ਪੁਰੀ ਨਾਂਅ ਦੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਸੰਨੀ ਮਸੀਹ ਮੁਕਾਬਲੇ ਵਿੱਚ ਹਲਾਕ ਹੋ ਗਿਆ ਹੈ। ਸੰਨੀ ਮਸੀਹ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਗੋਲਡੀ ਡੇਰਾ ਬਾਬਾ ਨਾਨਕ ਤੇ ਅਮਨ ਚਮਕੌਰ ਸਾਹਿਬ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਵਿਰੁੱਧ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਕਤਲ, ਆਰਮਜ਼ ਐਕਟ, ਲੁੱਟ ਖੋਹ ਦੇ ਕੇਸ ਦਰਜ ਹਨ।
ਕਿਵੇਂ ਪਹੁੰਚੀ ਪੁਲਿਸ ਗੈਂਗਸਟਰਾਂ ਮਗਰ ਨੈਣਾ ਦੇਵੀ ਤਕ-
ਮੁਹਾਲੀ ਦੇ ਸਨੇਟਾ ਇਲਾਕੇ 'ਚੋਂ ਗੈਂਗਸਟਰਾਂ ਨੇ ਵਰਨਾ ਗੱਡੀ ਖੋਹੀ ਸੀ। ਗੱਡੀ ਖੋਹਣ ਦੀ ਸਬੰਧੀ ਇਤਲਾਹ ਮਿਲਣ ਤੇ ਡੀਐਸਪੀ ਰਮਨਦੀਪ ਸਿੰਘ ਆਪਣੀ ਟੀਮ ਸਮੇਤ ਗੈਂਗਸਟਰਾਂ ਦਾ ਪਿੱਛਾ ਕਰਨ ਲੱਗ ਪਏ। ਗੈਂਗਸਟਰਾਂ ਦੇ ਪਿੱਛੇ-ਪਿੱਛੇ ਮੁਹਾਲੀ ਪੁਲਿਸ ਦੀ ਟੀਮ ਨੈਣਾ ਦੇਵੀ ਤਕ ਪਹੁੰਚ ਗਈ।
ਕਿਵੇਂ ਹੋਇਆ ਐਨਕਾਊਂਟਰ-
ਸਮਾਂ ਤਕਰੀਬਨ ਸਵੇਰੇ ਢਾਈ ਵਜੇ ਦਾ ਸੀ ਜਦ ਗੈਂਗਸਟਰ ਨੈਣਾ ਦੇਵੀ ਮੰਦਿਰ ਦੇ ਨੇੜੇ ਇੱਕ ਢਾਬੇ ਤੋਂ ਰੋਟੀ ਖਾ ਕੇ ਉੱਠੇ ਸੀ। ਮੁਹਾਲੀ ਪੁਲਿਸ ਦੀ ਟੀਮ ਨੇ ਢਾਬੇ ਦੇ ਬਾਹਰ ਹੀ ਗੈਂਗਸਟਰਾਂ ਨੂੰ ਘੇਰ ਲਿਆ। ਗੈਂਗਸਟਰਾਂ ਨੇ ਸਮਰਪਣ ਕਰਨ ਦੀ ਬਜਾਇ ਪੁਲਿਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਸੀ। ਡੀਐੱਸਪੀ ਰਮਨਦੀਪ ਨਾਲ ਸੰਨੀ ਦੀ ਹੱਥੋਪਾਈ ਹੋਈ ਜਦਕਿ ਬਾਕੀ ਦੋਵੇਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਬਦਮਾਸ਼ਾਂ ਨੇ ਪੁਲਿਸ ਦੀ ਗੱਡੀ ਤੇ ਪਹਿਲਾਂ ਫਾਇਰ ਕੀਤਾ, ਜਵਾਬ ਵਿੱਚ ਪੁਲਿਸ ਨੇ ਹਥਿਆਰਬੰਦ ਗੈਂਗਸਟਰਾਂ 'ਤੇ ਗੋਲੀਆਂ ਚਲਾਈਆਂ ਅਤੇ ਸਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਵਾਰਦਾਤ ਦਾ ਚਸ਼ਮਦੀਦ ਮੱਖਣ ਸਿੰਘ ਦਾ ਬਿਆਨ-
ਗੈਂਗਸਟਰਾਂ ਨੇ ਰੋਟੀ ਖਵਾਉਣ ਵਾਲੇ ਮੱਖਣ ਸਿੰਘ ਨੇ ਦੱਸਿਆ ਕਿ ਰਾਤ ਤਕਰੀਬਨ ਢਾਈ ਵਜੇ ਤਿੰਨੇ ਨੌਜਵਾਨਾਂ ਢਾਬੇ 'ਤੇ ਰੋਟੀ ਖਾਧੀ ਤੇ ਦੋ ਸੌ ਰੁਪਏ ਦਾ ਬਿੱਲ ਦੇਣ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਢਾਬੇ ਦੇ ਬਾਹਰ ਹੀ ਘੇਰ ਲਿਆ। ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਿਚਕਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਉਹ ਢਾਬੇ ਦੇ ਮਾਲਕ ਨੂੰ ਬੁਲਾਉਣ ਲਈ ਭੱਜਿਆ ਤੇ ਵਾਪਸ ਆ ਕੇ ਦੇਖਿਆ ਕਿ ਪੁਲਿਸ ਨੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇੱਕ ਗੈਂਗਸਟਰ ਨੂੰ ਢੇਰ ਕਰ ਦਿੱਤਾ ਸੀ।
ਹਿਮਾਚਲ ਪੁਲਿਸ ਕਰ ਰਹੀ ਹੈ ਛਾਣਬੀਣ-
ਐੱਸਪੀ ਬਿਲਾਸਪੁਰ ਅਸ਼ੋਕ ਕੁਮਾਰ ਨੇ ਕਿਹਾ ਕਿ ਹਿਮਾਚਲ ਪੁਲਿਸ ਤਫਤੀਸ਼ ਕਰ ਰਹੀ ਹੈ ਤੇ ਗ੍ਰਿਫਤਾਰ ਕੀਤੇ ਗੈਂਗਸਟਰ ਵੀ ਉਨ੍ਹਾਂ ਦੀ ਹਿਰਾਸਤ ਵਿੱਚ ਹੀ ਹਨ। ਅਸ਼ੋਕ ਕੁਮਾਰ ਨੇ ਕਿਹਾ ਕਿ ਮੁਹਾਲੀ ਤੋਂ ਗੱਡੀ ਖੋਹਣ ਤੋਂ ਬਾਅਦ ਨੈਣਾ ਦੇਵੀ ਆਉਣ ਦਾ ਗੈਂਗਸਟਰਾਂ ਦਾ ਕੀ ਮਕਸਦ ਸੀ ਇਸ ਬਾਰੇ ਛਾਣਬੀਣ ਕਰ ਰਹੇ ਹਨ। ਹਿਮਾਚਲ ਪੁਲਿਸ ਨੇ ਦੋ ਗੈਂਗਸਟਰਾਂ ਖਿਲਾਫ ਤਿੰਨ ਬਦਮਾਸ਼ਾਂ ਵਿਰੁੱਧ ਆਈਪੀਸੀ ਦੀ ਧਾਰਾ 304 ਦਾ ਪਰਚਾ ਦਰਜ ਕੀਤਾ ਹੈ।