ਮੋਗਾ: ਪੁਲਿਸ ਨੇ ਅੱਜ 'ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਨਕਲੀ ਦੁੱਧ ਤੇ ਹੋਰ ਪਦਾਰਥ ਬਣਾਉਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਲੋਕ ਪੈਸੇ ਖਾਤਰ ਨਕਲੀ ਦੁੱਧ ਦਾ ਕਾਰੋਬਾਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਸਨ। ਪਹਿਲਾ ਮਾਮਲਾ ਦੇਵੀਗੜ੍ਹ ਦਾ ਹੈ ਜਿੱਥੇ ਪੁਲਿਸ ਵੱਲੋਂ ਦੇਵੀਗੜ੍ਹ ਕੋਲ ਛਾਪਾ ਮਾਰ ਕੇ ਵੱਡੀ ਮਾਤਰਾ ਵਿੱਚ ਨਕਲੀ ਦੁੱਧ, ਪਨੀਰ ਤੇ ਦੇਸੀ ਘਿਉ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ ਜਦਕਿ ਦੂਜਾ ਮਾਮਲਾ ਮੋਗਾ ਜ਼ਿਲ੍ਹੇ ਦੇ ਕਸਬੇ ਬਾਘਾਪੁਰਾਣਾ ਦਾ ਹੈ। ਇਸ ਤੋਂ ਬਾਅਦ ਸਵਾਲ ਉੱਠ ਰਿਹਾ ਹੈ ਕਿ ਕਿਵੇਂ ਨਕਲੀ ਦੁੱਧ ਰਾਹੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।


ਪੁਲਿਸ ਨੇ ਦੇਵੀਗੜ੍ਹ ਕੋਲੋਂ 53 ਬੈਗ ਸੁੱਕਾ ਦੁੱਧ, 250 ਲੀਟਰ ਤੇਜ਼ਾਬ, 1530 ਲੀਟਰ ਕੈਮੀਕਲ, 750 ਲੀਟਰ ਸਿਰਕਾ, 10 ਕਵਿੰਟਲ 20 ਕਿੱਲੋ ਚਿੱਟਾ ਪਾਊਡਰ, 9 ਕਿੱਲੋ ਸਰਫ਼, 7000 ਲੀਟਰ ਦੁੱਧ, 3 ਟੈਂਕਰ, 20 ਕਵਿੰਟਲ ਪਨੀਰ, 45 ਕਿੱਲੋ ਮੱਖਣ, ਢਾਈ ਕੁਇੰਟਲ ਦੇਸੀ ਘਿਉ , 43 ਕਿੱਲੋ ਦੇਸੀ ਘਿਉ ਗੁਰਧਾਮ, ਖੁੱਲ੍ਹਾ ਦੇਸੀ ਘਿਉ 12 ਕਵਿੰਟਲ ਸਮੇਤ ਟੈਂਕਰ ਮੌਕੇ ਤੋਂ ਬਰਾਮਦ ਕੀਤਾ ਹੈ।

ਦੂਜੇ ਪਾਸੇ ਮੋਗਾ ਦੀ ਸਿਹਤ ਵਿਭਾਗ ਦੀ ਟੀਮ ਅਤੇ ਪੀਡੀਐਫ਼ਏ ਦੀ ਸਾਂਝੀ ਕਰਵਾਈ 'ਤੇ ਬਾਘਾਪੁਰਾਣਾ ਦੀ ਵਿਸ਼ਨੂੰ ਡੇਅਰੀ 'ਤੇ ਛਾਪੇ ਮਾਰੀ ਕਰ ਵਿਭਾਗ ਨੇ ਕਰੀਬ 2740 ਲਿਟਰ ਦੇਸੀ ਘਿਓ, 200 ਕਿੱਲੋ ਪਨੀਰ ਅਤੇ 320 ਕਿੱਲੋ ਦਹੀ ਅਤੇ ਚਾਰ ਬੈਗ ਨਕਲੀ ਦੁੱਧ ਬਣਾਉਣ ਵਾਲਾ ਪਾਊਡਰ ਬਰਾਮਦ ਕੀਤਾ ਹੈ । ਵਿਭਾਗ ਵੱਲੋਂ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ।

ਮੌਕੇ ਤੋਂ ਬਰਾਮਦ ਸਮਾਨ ਨੂੰ ਇੱਕ ਕਮਰੇ ਵਿੱਚ ਸੀਲ ਕਰ ਦਿੱਤਾ ਹੈ ਅਤੇ ਪੁਲਿਸ ਨੇ ਵਿਸ਼ਨੂੰ ਡੇਅਰੀ ਮਾਲਕ ਦੇ ਬੇਟੇ ਨੂੰ ਜਾਂਚ ਲਈ ਹਿਰਾਸਤ ਵਿੱਚ ਲੈ ਲਿਆ ਹੈ ।