ਲਾਹੌਰ: ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਲਹਿੰਦੇ ਪੰਜਾਬ ਦੀ ਅਸੈਂਬਲੀ ਵਿੱਚ ਮੁਲਤਾਨ ਹਲਕੇ ਤੋਂ ਪਹਿਲਾ ਸਿੱਖ ਮੈਂਬਰ ਵੀ ਪਹੁੰਚ ਚੁੱਕਾ ਹੈ। ਨਵੇਂ ਬਣੇ ਐਮਪੀਏ ਮਹਿੰਦਰ ਪਾਲ ਸਿੰਘ ਨੇ ਸਹੁੰ ਵੀ ਚੁੱਕ ਲਈ ਹੈ।


ਆਪਣੇ ਸਹੁੰ ਚੁੱਕ ਸਮਾਗਮ ਮੌਕੇ ਹਰੇ ਰੰਗ ਦੀ ਦਸਤਾਰ ਪਹਿਨੀ ਮਹਿੰਦਰ ਪਾਲ ਨੇ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਜਾ ਮੱਥਾ ਟੇਕਿਆ ਤੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਸ ਨਾਲ ਨਨਕਾਣਾ ਸਾਹਿਬ ਦੀ ਮਸ਼ਹੂਰ ਹਸਤੀ ਪ੍ਰੋ. ਕਲਿਆਣ ਸਿੰਘ ਵੀ ਨਾਲ ਸਨ। ਸਿੱਖ ਲੀਡਰਾਂ ਨੇ ਦੇਸ਼ ਦੀ ਤਰੱਕੀ ਤੇ ਸ਼ਾਂਤੀ ਲਈ ਅਰਦਾਸ ਵੀ ਕੀਤੀ।

ਪਾਕਿਸਤਾਨੀ ਅਖ਼ਬਰਾ ਦ ਐਕਸਪ੍ਰੈਸ ਟ੍ਰਿਬੀਊਨ ਨਾਲ ਗੱਲਬਾਤ ਦੌਰਾਨ ਮਹਿੰਦਰ ਪਾਲ ਨੇ ਦੱਸਿਆ ਕਿ ਉਹ ਆਪਣੇ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰੇਗਾ। ਉਸ ਨੇ ਕਿਹਾ ਕਿ ਗੁਆਂਢੀ ਮੁਲਕ (ਭਾਰਤ) ਵਿੱਚ ਕਾਫੀ ਧਾਰਮਿਕ ਸਥਾਨ ਹਨ, ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਹਿੰਦਰ ਪਾਲ ਨੇ ਕਿਹਾ ਕਿ ਉਹ ਜਲਦ ਹੀ ਆਪਣੇ ਪਰਿਵਾਰ ਨਾਲ ਹਰਿਮੰਦਰ ਸਾਹਿਬ ਨਤਮਸਤਕ ਹੋਣ ਜਾਵੇਗਾ।

ਮਹਿੰਦਰ ਪਾਲ ਸਿੰਘ ਮੁਲਤਾਨ ਸ਼ਹਿਰ ਵਿੱਚ ਰਹਿੰਦਾ ਹੈ ਤੇ ਕੱਪੜੇ ਦਾ ਕਾਰੋਬਾਰ ਕਰਦਾ ਹੈ। ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮਬੀਏ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਮਹਿੰਦਰ ਦੇ ਪਿਤਾ ਗਿਆਨੀ ਰਵੇਲ ਸਿੰਘ ਨਨਕਾਣਾ ਸਾਹਿਬ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਮਹਿੰਦਰ ਆਪਣੇ ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ।