ਮੁਕਤਸਰ: ਬਾਦਲ ਪਰਿਵਾਰ ਦੇ ਕਰੀਬੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਬੇਸ਼ੱਕ ਇਸ ਵੇਲੇ ਨਾਭਾ ਜੇਲ੍ਹ ਵਿੱਚ ਹਨ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਿਛਲੇ ਲੰਬੇ ਸਮੇਂ ਤੋਂ ਸਹਿਕਾਰੀ ਬੈਂਕ ਦੀ ਮਲੋਟ ਬੈਂਚ ਦੇ ਡਿਫਾਲਟਰ ਚੱਲ ਰਹੇ ਜਥੇਦਾਰ ਕੋਲਿਆਂਵਾਲੀ ਦਾ ਦੂਜਾ ਚੈੱਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਹੁਣ ਬੈਂਕ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੈਂਕ ਮੈਨੇਜਰ ਕ੍ਰਿਸ਼ਨ ਕਾਂਤ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਜਥੇਦਾਰ ਕੋਲਿਆਂਵਾਲੀ ਵੱਲੋਂ ਬੈਂਕ ਨੂੰ ਦਿੱਤਾ ਦੂਜਾ ਚੈੱਕ ਬਾਊਂਸ ਹੋ ਗਿਆ ਹੈ। ਚੈੱਕ ਬਾਊਂਸ ਹੋਣ ਤੋਂ ਇੱਕ ਮਹੀਨੇ ਅੰਦਰ ਬੈਂਕ ਵੱਲੋਂ ਉਨ੍ਹਾਂ ਦੇ ਵਕੀਲ ਵੱਲੋਂ ਨੋਟਿਸ ਦਿੱਤਾ ਜਾ ਚੁੱਕਾ ਹੈ। ਜੇਕਰ ਕੋਲਿਆਂਵਾਲੀ ਨੇ ਹੁਣ ਵੀ ਦੂਜੀ ਕਿਸ਼ਤ ਦੀ 30 ਲੱਖ ਰੁਪਏ ਦੀ ਰਕਮ ਨਾ ਦਿੱਤੀ ਤਾਂ ਬੈਂਕ ਕੋਰਟ ਰਾਹੀਂ ਆਪਣੀ ਵਸੂਲੀ ਕਰੇਗਾ।
ਜ਼ਿਕਰਯੋਗ ਹੈ ਕਿ ਲੰਘੇ ਸਾਲ ਮਈ ਵਿੱਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਲਿਆਂਵਾਲੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ 10 ਦਿਨਾਂ ਅੰਦਰ ਕਰਜ਼ ਨਾ ਅਦਾ ਕੀਤਾ ਤਾਂ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 14 ਮਈ, 2018 ਨੂੰ 30 ਲੱਖ ਰੁਪਏ ਦੀ ਇੱਕ ਕਿਸ਼ਤ ਦਾ ਭੁਗਤਾਨ ਚੈੱਕ ਜ਼ਰੀਏ ਕੀਤਾ ਸੀ। ਬਾਕੀ ਦੀ ਰਕਮ ਨੂੰ ਦੋ ਚੈੱਕਾਂ ਰਾਹੀਂ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਦੂਜਾ ਚੈੱਕ ਬਾਊਂਸ ਹੋ ਗਿਆ ਹੈ।