ਇਮਰਾਨ ਖ਼ਾਨ
ਜਲੰਧਰ: 33 ਸਾਲ ਪਹਿਲਾਂ ਨਕੋਦਰ ਵਿੱਚ ਬੇਅਦਬੀ ਦੀ ਘਟਨਾ ਤੋਂ ਬਾਅਦ ਪੁਲਿਸ ਗੋਲ਼ੀਬਾਰੀ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਪਿਤਾ ਅੱਜ ਵੀ ਆਪਣੇ ਪੁੱਤ ਦੀ ਮੌਤ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ। ਪੁਲਿਸ ਗੋਲ਼ੀਬਾਰੀ 'ਚ ਆਪਣਾ ਨੌਜਵਾਨ ਪੁੱਤ ਗੁਆ ਚੁੱਕੇ ਬਾਪ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਖਰੀ ਉਮੀਦ ਲਾਉਂਦਿਆਂ ਇਨਸਾਫ ਦੀ ਗੁਹਾਰ ਲਾਈ ਹੈ।

ਦਰਅਸਲ 33 ਸਾਲ ਪਹਿਲਾਂ ਜਲੰਧਰ 'ਚ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦਾ ਰੋਸ ਜਤਾ ਰਹੀ ਸੰਗਤ 'ਤੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਵਿੱਚ ਚਾਰ ਨੌਜਵਾਨਾਂ ਰਵਿੰਦਰ ਸਿੰਘ, ਬਲਧੀਰ ਸਿੰਘ, ਝਲਮਨ ਸਿੰਘ ਤੇ ਹਰਮਿੰਦਰ ਸਿੰਘ ਦੀ ਮੌਤ ਹੋ ਗਈ ਸੀ।

ਪੁਲਿਸ ਨੇ ਨੌਜਵਾਨਾਂ ਦੀਆਂ ਛਾਤੀਆਂ 'ਤੇ ਸਿੱਧੀਆਂ ਗੋਲੀਆਂ ਮਾਰੀਆਂ ਸੀ। ਦੋ ਫਰਵਰੀ 1986 ਨੂੰ ਗੁਰੂ ਘਰ 'ਚ ਅੱਗ ਲਾ ਦਿੱਤੀ ਗਈ ਤੇ ਚਾਰ ਫਰਵਰੀ ਨੂੰ ਪੁਲਿਸ ਨੇ ਰੋਸ ਕਰ ਰਹੀਆਂ ਸੰਗਤਾਂ ’ਤੇ ਗੋਲ਼ੀਬਾਰੀ ਕੀਤੀ। ਉਸ ਸਮੇਂ ਮੌਜੂਦਾ ਅਕਾਲੀ ਲੀਡਰ ਇਜ਼ਹਾਰ ਆਲਮ ਉਸ ਵੇਲੇ ਜਲੰਧਰ ਦੇ ਐਸਐਸਪੀ ਵਜੋਂ ਤਾਇਨਾਤ ਸਨ। ਤਤਕਾਲੀ ਸਰਕਾਰ ਨੇ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਦਾ ਕਮਿਸ਼ਨ ਬਣਾਇਆ ਜਿਸ ਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਕੀਤੀ ਗਈ।

33 ਸਾਲ ਤੋਂ ਇਨਸਾਫ ਦੀ ਉਮੀਦ 'ਚ ਜ਼ਿੰਦਗੀ ਕੱਟ ਰਹੇ ਬਲਦੇਵ ਸਿੰਘ ਦੀ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਖਰੀ ਉਮੀਦ ਹੈ। ਹਾਲਾਂਕਿ ਉਹ ਦੋ ਵਾਰ ਸਰਕਾਰ ਨੂੰ ਰਿਪੋਰਟ ਜਨਤਕ ਕਰਨ ਦੀ ਚਿੱਠੀ ਲਿਖ ਚੁੱਕੇ ਹਨ ਪਰ ਹਾਲੇ ਤਕ ਕੋਈ ਜਵਾਬ ਨਹੀਂ ਆਇਆ। ਇਨਸਾਫ ਲਈ ਲੜ੍ਹ ਰਹੇ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਹਿੰਦੁਸਤਾਨ 'ਚ ਇਨਸਾਫ ਲੈਣਾ ਬੇਹੱਦ ਔਖਾ ਹੈ। ਉਨ੍ਹਾਂ ਕਿਹਾ ਕਿ 14 ਸਾਲਾਂ ਦੀ ਉਡੀਕ ਕਰਨ ਬਾਅਦ ਆਖ਼ਰ ਉਹ ਕੈਨੇਡਾ ਚਲੇ ਗਏ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਪੁਲਿਸ ਵੱਲ ਵੇਖ ਕੇ ਉਨ੍ਹਾਂ ਦਾ ਸਾਹ ਘੁੱਟਦਾ ਹੈ।

ਇਹ ਵੀ ਪੜ੍ਹੋ- ਨਕੋਦਰ ਬੇਅਦਬੀ ਕਾਂਡ ਦਾ 33 ਸਾਲ ਬਾਅਦ ਵੀ ਸੱਚ ਕਿਉਂ ਨਹੀਂ ਆਇਆ ਸਾਹਮਣੇ?

ਹੁਣ ਬਲਦੇਵ ਸਿੰਘ ਨੇ ਮੁੱਖ ਮੰਤਰੀ ਕੋਲ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਪਰਿਵਾਰਾਂ ਨੂੰ ਨੌਜਵਾਨਾਂ ਦੀਆਂ ਲਾਸ਼ ਵੀ ਨਹੀਂ ਸੌਪੀਆਂ ਬਲਕਿ ਖੁਦ ਉਨ੍ਹਾਂ ਦੇ ਸਸਕਾਰ ਕਰ ਦਿੱਤੇ। ਘਟਨਾ ਨੂੰ 33 ਸਾਲ ਬੀਤ ਗਏ ਹਨ ਪਰ ਹਾਲੇ ਤਕ ਉਨ੍ਹਾਂ ਨਾਲ ਰਿਪੋਰਟ ਸਾਂਝੀ ਨਹੀਂ ਕੀਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਵੀ ਪੀੜਤ ਪਰਿਵਾਰ ਦੀਆਂ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੀ।