ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਜੇ ਕੋਈ ਹੰਗਾਮੀ ਕਦਮ ਨਹੀਂ ਉਠਾਇਆ ਪਰ ਹੁਣ ਤੱਕ ਸਵਾਈਨ ਫਲੂ ਨਾਲ 30 ਮੌਤਾਂ ਹੋ ਚੁੱਕੀਆਂ ਹਨ ਜਦਕਿ 250 ਵਿਅਕਤੀ ਬਿਮਾਰੀ ਤੋਂ ਪੀੜਤ ਹਨ। ਇਹ ਹਾਲਤ ਹੋਰ ਵੀ ਗੰਭੀਰ ਹੋ ਸਕਦੀ ਹੈ। ਇਹ ਅੰਕੜਾ ਕੇਂਦਰ ਸਰਕਾਰ ਨੇ ਜਾਰੀ ਕੀਤਾ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਮੁਤਾਬਕ ਦੇਸ਼ ’ਚ ਸਵਾਈਨ ਫਲੂ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਸ ਸਾਲ ਦੇਸ਼ ਵਿੱਚ ਸਵਾਈਲ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 226 ਹੋ ਗਈ ਹੈ। ਪਿਛਲੇ ਹਫ਼ਤੇ ਐਚ1ਐਨ1 ਵਾਇਰਸ ਨਾਲ 31 ਮੌਤਾਂ ਹੋਈਆਂ ਸਨ।
ਸਭ ਤੋਂ ਵੱਧ 34 ਫ਼ੀਸਦੀ ਕੇਸ ਰਾਜਸਥਾਨ ਤੋਂ ਹਨ। ਦਿੱਲੀ 1011 ਕੇਸਾਂ ਨਾਲ ਦੂਜੇ ਨੰਬਰ ’ਤੇ ਹੈ ਜਦਕਿ ਰਾਜਧਾਨੀ ਦੇ ਤਿੰਨ ਵੱਡੇ ਹਸਪਤਾਲਾਂ ’ਚ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਤਕ 6601 ਵਿਅਕਤੀ ਸਵਾਈਨ ਫਲੂ ਤੋਂ ਪੀੜਤ ਪਾਏ ਗਏ ਸਨ ਤੇ ਇਨ੍ਹਾਂ ’ਚੋਂ 2030 ਮਰੀਜ਼ ਪਿਛਲੇ ਸੱਤ ਦਿਨਾਂ ਦੌਰਾਨ ਪ੍ਰਭਾਵਤ ਹੋਏ ਹਨ। ਰਾਜਸਥਾਨ ’ਚ 85 ਤੇ ਗੁਜਰਾਤ ’ਚ 43 ਵਿਅਕਤੀਆਂ ਦੀ ਸਵਾਈਨ ਫਲੂ ਕਰਕੇ ਮੌਤਾਂ ਹੋ ਚੁੱਕੀਆਂ ਹਨ।
ਸਵਾਈਨ ਫਲੂ ਦੇ ਫੈਲਣ ਕਰਕੇ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਰੋਗ ਦੀ ਛੇਤੀ ਪਛਾਣ ਦੇ ਪ੍ਰਬੰਧ ਕਰਕੇ ਉਸ ਦਾ ਇਲਾਜ ਕਰਨ ਤੇ ਹਸਪਤਾਲਾਂ ’ਚ ਬਿਸਤਰਿਆਂ ਦੀ ਤੋਟ ਨਾ ਆਵੇ। ਅਧਿਕਾਰੀ ਨੇ ਕਿਹਾ ਕਿ ਸੂਬਿਆਂ ਨੇ ਦਵਾਈਆਂ ਅਤੇ ਟੈਸਟ ਸਬੰਧੀ ਕਿੱਟਾਂ ਦੀ ਕੋਈ ਮੰਗ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇਸ਼ ’ਚ ਸਵਾਈਨ ਫਲੂ ਦੇ 14992 ਕੇਸ ਸਾਹਮਣੇ ਆਏ ਸਨ ਤੇ 1103 ਵਿਅਕਤੀਆਂ ਦੀ ਜਾਨ ਗਈ ਸੀ।