Mohali News: ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਮੋਹਾਲੀ ਵਿੱਚ ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਜ਼ (ਪੀਆਈਐਲਬੀਐਸ) ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹੇ ਉਦਘਾਟਨੀ ਪ੍ਰੋਗਰਾਮ ਪੰਜਾਬ ਵਿੱਚ ਹੋਣੇ ਬੰਦ ਹੋ ਗਏ ਸਨ ਕਿਉਂਕਿ ਜਿਹੜੇ ਹਾਕਮਾਂ ਨੂੰ ਅਸੀਂ ਚੁਣ ਕੇ ਭੇਜਦੇ ਸੀ, ਉਨ੍ਹਾਂ ਦਾ ਧਿਆਨ ਪਰਿਵਾਰਾਂ 'ਤੇ ਹੀ ਰਹਿੰਦਾ ਸੀ।


ਸੀਐਮ ਮਾਨ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਦਾ ਆਪਣਾ ਸਕੂਲ ਹੋਏਗਾ ਤਾਂ ਉਹ ਸਰਕਾਰੀ ਸਕੂਲਾਂ ਵੱਲ ਧਿਆਨ ਕਿਉਂ ਕਰੇਗਾ? ਇਸੇ ਤਰ੍ਹਾਂ ਬੱਸਾਂ, ਖੱਡਾਂ ਤੇ ਸ਼ਰਾਬ ਦੇ ਠੇਕਿਆਂ 'ਚ ਵੀ ਹਿੱਸੇਦਾਰੀ ਸੀ। ਪਹਿਲਾਂ ਮੁੱਖ ਮੰਤਰੀ ਨੂੰ ਹਊਆ ਬਣਾਇਆ ਹੋਇਆ ਸੀ।ਪਰ ਹੁਣ ਅਜਿਹਾ ਨਹੀਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ 20 ਸਾਲਾਂ ਤੋਂ ਖੁਸ਼ੀਆਂ ਗਾਇਬ ਸਨ। ਇਸ ਦੇ ਨਾਲ ਹੀ ਉਨ੍ਹਾਂ ਵਿਰੋਧੀ ਪਾਰਟੀ ਦੇ ਆਗੂਆਂ ਉਪਰ ਹਮਲਾ ਬੋਲਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬੀ ਵੀ ਨਹੀਂ ਜਾਣਦੇ, ਉਹ ਪੰਜਾਬ ਦੇ ਨੰਬਰਦਾਰ ਬਣੇ ਹੋਏ ਹਨ।



ਸੀਐਮ ਮਾਨ ਨੇ ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਬਾਦਲ, ਨਵਜੋਤ ਸਿੰਘ ਸਿੱਧੂ, ਹਰਸਿਮਰਤ ਕੌਰ, ਬਿਕਰਮ ਮਜੀਠੀਆ, ਰਾਜਾ ਵੜਿੰਗ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਸ਼ਰਤ ਲਾ ਰਹੇ ਹਨ ਕਿ ਇਹ ਲੋਕ ਪੰਜਾਬੀ ਦਾ ਪੇਪਰ ਪਾਸ ਨਹੀਂ ਕਰ ਸਕਦੇ। ਭਾਵੇਂ ਪੇਪਰ ਪਾਸ ਕਰਨ ਲਈ 33 ਦੀ ਬਜਾਏ 25 ਨੰਬਰ ਕਰ ਦਿੱਤੇ ਜਾਣ। ਇਸ ਦੇ ਨਾਲ ਹੀ ਚਾਹੇ ਉਨ੍ਹਾਂ ਨੂੰ ਪੇਪਰ ਵਿੱਚ ਆਉਣ ਵਾਲੇ ਪ੍ਰਸ਼ਨਾਂ ਬਾਰੇ ਪਹਿਲਾਂ ਦੱਸ ਦਿੱਤਾ ਜਾਵੇ।


ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਔਰੇਂਜ਼ ਤੇ ਯੈਲੋ ਅਲਰਟ, ਅਗਲੇ ਦੋ ਦਿਨ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਦੀ ਚੇਤਾਵਨੀ


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹੁਣ 70 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਟਾਟਾ ਸਟੀਲ ਲੁਧਿਆਣਾ ਵਿੱਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਤ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੇ ਨਾਂ ਵੀ ਗਿਣਵਾਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਤਾਂ ਮਾੜੇ ਸਮੇਂ ਦੌਰਾਨ ਵੀ ਹੋਇਆ ਸੀ। ਇਸ ਵਿੱਚ ਕਈ ਨਾਮਵਰ ਉਦਯੋਗਪਤੀਆਂ ਨੇ ਸ਼ਮੂਲੀਅਤ ਵੀ ਕੀਤੀ ਸੀ। ਕਰੋੜਾਂ ਦੇ ਨਿਵੇਸ਼ ਦੇ ਦਾਅਵੇ ਕੀਤੇ ਗਏ ਸਨ ਪਰ ਉਸ ਇਨਵੈਸਟ ਪੰਜਾਬ ਦੀਆਂ ਯਾਦਾਂ ਵਜੋਂ ਸਿਰਫ਼ ਖਜੂਰ ਦੇ ਦਰਖ਼ਤ ਹੀ ਬਚੇ। ਉਹ ਵੀ ਆਪਣੇ ਪਿੰਡ ਲੰਬੀ ਲੈ ਗਏ।


ਇਹ ਵੀ ਪੜ੍ਹੋ: Jaya Bachchan: ਜਯਾ ਬੱਚਨ ਨੇ ਟ੍ਰੋਲਰਸ ਨੂੰ ਕੀਤਾ ਚੈਲੇਂਜ, ਅਦਾਕਾਰਾ ਬੋਲੀ - 'ਹਿੰਮਤ ਹੈ ਤਾਂ ਸਾਹਮਣੇ ਬੋਲ ਕੇ ਦਿਖਾਓ...'