Punjab News: ਪੰਜਾਬ ਸਰਕਾਰ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸ ਰਹੀ ਹੈ, ਉੱਥੇ ਹੀ ਈਡੀ ਨੇ ਇਕ ਵੱਡੇ ਨੇਤਾ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Sukhpal Khaira) ਵਿਰੁੱਧ ਵੀ ਕਾਰਵਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਉੱਤੇ ਈਡੀ (ED) ਵੱਲੋਂ ਇਹ ਕਾਰਵਾਈ ਨਸ਼ਾ ਤਸਕਰ ਨਾਲ ਲੈਣ ਦੇਣ ਨੂੰ ਲੈ ਕੇ ਕੀਤੀ ਗਈ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਈਡੀ ਵੱਲੋਂ ਸੁਖਪਾਲ ਖਹਿਰਾ (Sukhpal Khaira) ਉੱਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਦੀ ਚੰਡੀਗੜ੍ਹ ਵਾਲੀ ਕੋਠੀ ਅਟੈਚ (Property Attach) ਕਰ ਲਈ ਗਈ ਹੈ। ਇਸ ਕੋਠੀ ਦੀ ਕੀਮਤ 3 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਈ ਨਸ਼ਾ ਤਸਕਰੀ ਦੇ ਸ਼ੱਕੀ ਮਾਮਲੇ ਵਿਚ ਕੀਤੀ ਗਈ ਹੈ। ਇਸ ਦੌਰਾਨ ਸੁਖਪਾਲ ਖਹਿਰਾ ਉੱਤੇ ਨਸ਼ਾ ਤਸਕਰ ਗੁਰਦੇਵ ਸਿੰਘ ਨਾਲ ਲੈਣ ਦੇਣ ਦੇ ਇਲਜ਼ਾਮ ਹਨ।

ਖਹਿਰਾ ਨੇ ਈਡੀ ਦੀ ਕਾਰਵਾਈ ਨੂੰ ਦੱਸਿਆ ਗਲਤ

ਉੱਥੇ ਹੀ ਦੂਜੇ ਪਾਸੇ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਕਾਰਵਾਈ ਨੂੰ ਗਲਤ ਠਹਿਰਾਇਆ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਮੈਨੂੰ ਮੀਡੀਆ ਰਾਹੀਂ ਹੁਣੇ ਪਤਾ ਲੱਗਾ ਹੈ ਕਿ ED ਨੇ ਮੇਰੀ ਚੰਡੀਗੜ੍ਹ ਰਿਹਾਇਸ਼ ਨੂੰ ਅਟੈਚ ਕਰ ਲਿਆ ਹੈ ਜਿਸ ਬਾਰੇ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਇਸ ਬਾਰੇ ED ਜਾਂ ਕਿਸੇ ਹੋਰ ਸਰਕਾਰੀ ਸਰੋਤ ਤੋਂ ਕੋਈ ਨੋਟਿਸ ਨਹੀਂ ਮਿਲਿਆ ਹੈ। ਜੇਕਰ ਖਬਰ ਸਹੀ ਵੀ ਹੈ ਤਾਂ ਮੀਡੀਆ ਨੂੰ ਖਬਰਾਂ ਜਾਰੀ ਕਰਨ ਦੀ ਬਜਾਏ ਮੈਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ।

ਇਹ ਮੇਰੀ ਛਵੀ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਤੋਂ ਇਲਾਵਾ ਕੁਝ ਨਹੀਂ ਹੈ, BJP ਦੇਸ਼ ਭਰ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦਾ ਸ਼ਿਕਾਰ ਕਰਨ ਲਈ ED ਦੀ ਦੁਰਵਰਤੋਂ ਕਰ ਰਹੀ ਹੈ - ਖਹਿਰਾ
 
 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।