Punjab News: ਬੀਤੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨਵੇਂ ਜਥੇਦਾਰ ਸਾਹਿਬਾਨ ਦੀ ਦਸਤਾਰ ਬੰਦੀ ਮੌਕੇ ਜਿਸ ਤਰੀਕੇ ਪੰਥਕ ਮਰਿਯਾਦਾ ਦਾ ਘਾਣ ਹੋਇਆ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗ਼ੈਰ ਹਾਜ਼ਰੀ ਵਿੱਚ ਅਤੇ ਹਨੇਰ ਕਾਲ ਵਿੱਚ ਪੰਥਕ ਪ੍ਰੰਪਰਾਵਾਂ, ਸਿਧਾਂਤਾਂ ਅਤੇ ਮਰਿਯਾਦਾ ਨੂੰ ਭੰਗ ਕੀਤਾ ਗਿਆ, ਇਸ ਸਾਰੇ ਮੰਦਭਾਗੇ ਘਟਨਾਕ੍ਰਮ ਤੋਂ ਕੌਮ ਨੂੰ ਜਾਣੂ ਅਤੇ ਸੁਚੇਤ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦਾ SGPC ਮੈਬਰਾਂ, ਸੁਰਿੰਦਰ ਸਿੰਘ ਭੁਲੇਵਾਲਰਾਠਾ, ਮਨਜੀਤ ਸਿੰਘ, ਸਤਵਿੰਦਰ ਸਿੰਘ ਟੌਹੜਾ,  ਜਰਨੈਲ ਸਿੰਘ ਕਰਤਾਰਪੁੱਰ ਤੇ  ਮਲਕੀਤ ਸਿੰਘ ਚੰਗਾਲ ਨੇ ਧੰਨਵਾਦ ਕੀਤਾ।

Continues below advertisement


ਜਾਰੀ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਕੁਝ ਲੋਕ ਆਪਣੀ ਜ਼ਿੱਦ ਹੱਠ ਅਤੇ ਹਿੰਢ ਦੇ ਚਲਦੇ ਪੰਥਕ ਮਰਿਯਾਦਾ ਅਤੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹਨ। ਪਹਿਲਾਂ ਆਪਣੇ ਪ੍ਰਭਾਵ ਨਾਲ ਅੰਤ੍ਰਿੰਗ ਕਮੇਟੀ ਤੋਂ ਕੌਮ ਦੀਆਂ ਭਾਵਨਾਵਾਂ ਖ਼ਿਲਾਫ਼ ਫੈਸਲਾ ਕਰਵਾਇਆ, ਜਿਵੇਂ ਠੀਕ 10 ਸਾਲ ਪਹਿਲਾਂ ਡੇਰਾ ਸਿਰਸਾ ਨੂੰ ਮੁਆਫੀ ਦਿਵਾਈ ਗਈ ਸੀ, ਉਸੇ ਤਰਜ਼ ਤੇ ਅੰਤ੍ਰਿੰਗ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਪਣੇ ਪ੍ਰਭਾਵ ਨਾਲ ਗਲਤ ਫੈਸਲੇ ਕਰਵਾਏ ਜਾ ਰਹੇ ਹਨ। 



ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਪੰਥ ਵਿਰੋਧੀ ਘਟਨਾਕ੍ਰਮਾਂ ਨੇ ਕੌਮ ਨੂੰ ਵੱਡੀ ਠੇਸ ਪਹੁੰਚਾਈ ਹੈ। ਐਸਜੀਪੀਸੀ ਮੈਬਰਾਂ ਨੇ ਜ਼ੋਰ ਦੇਕੇ ਮੰਗ ਚੁੱਕੀ ਕਿ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਦਸਤਾਰ ਬੰਦੀ ਵੇਲੇ ਮਰਿਯਾਦਾ ਦਾ ਘਾਣ ਕਰਕੇ ਕੌਮ ਦੇ ਮੱਥੇ ਤੇ ਕਲੰਕ ਲਗਾਉਣ ਅਤੇ ਲਗਵਾਉਣ ਵਾਲੇ ਲੋਕਾਂ ਨੂੰ ਪੰਥ ਵਿੱਚੋ ਛੇਕਿਆ ਜਾਵੇ। 


ਐਸਜੀਪੀਸੀ ਮੈਬਰਾਂ ਨੇ ਕਿਹਾ ਹਨੇਰ ਕਾਲ ਵਿੱਚ ਬਗੈਰ ਗੁਰੂ ਦੀ ਰੌਸ਼ਨੀ ਅਤੇ ਪ੍ਰਕਾਸ਼ ਤੋਂ, ਗ੍ਰੰਥ ਅਤੇ ਪੰਥ ਦੀ ਹਾਜ਼ਰੀ ਤੋਂ ਬਿਨ੍ਹਾਂ, ਕੀਤੀ ਗਈ ਦਸਤਾਰਬੰਦੀ ਨੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਮਾੜੇ ਪ੍ਰਭਾਵ ਵਾਲਾ ਸੁਨੇਹਾ ਪਹੁੰਚਾਇਆ ਹੈ।  ਇਸ ਦੇ ਨਾਲ ਹੀ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਸਮੂਹ ਐਸਜੀਪੀਸੀ ਮੈਬਰਾਂ ਨੂੰ ਲਾਮਬੰਦ ਕਰਕੇ ਇਸ ਪੰਥਕ ਮਰਿਯਾਦਾ ਅਤੇ ਅੰਤ੍ਰਿੰਗ ਕਮੇਟੀ ਦੇ ਪੰਥ ਵਿਰੋਧੀ ਫੈਸਲਿਆਂ ਖਿਲਾਫ ਮੋਰਚਾਬੰਦੀ ਕੀਤੀ ਜਾਵੇਗੀ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।