ਜਲੰਧਰ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੇ ਅਸਤੀਫੇ ਬਾਅਦ ਗਰਮਾਏ ਹੋਏ ਮਾਹੌਲ ਦੇ ਚੱਲਿਦਆਂ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਬਿਆਨ ਦਿੱਤਾ ਹੈ ਕਿ ਨਿਰੰਜਨ ਸਿੰਘ ਨੂੰ ਕਦੀ ਵੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਜਾਂ ਕਿਸੇ ਹੋਰ ਵਿਅਕਤੀ ਖਿਲਾਫ ਕਾਰਵਾਈ ਕਰਨ ਤੋਂ ਨਹੀਂ ਰੋਕਿਆ ਗਿਆ।

ਯਾਦ ਰਹੇ ਕਿ ਨਿਰੰਜਨ ਸਿੰਘ ਨੇ ਹਾਲ ਹੀ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਸਾਹਮਣੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਅਸਤੀਫਾ ਇਸ ਲਈ ਦਿੱਤਾ ਕਿਉਂਕਿ ਉਨ੍ਹਾਂ ਨੂੰ 6 ਹਜ਼ਾਰ ਕਰੋੜ ਰੁਪਏ ਦੇ ਜਗਦੀਸ਼ ਭੋਲਾ ਡਰੱਗ ਰੈਕੇਟ ਵਿੱਚ ਅਕਾਲੀ ਲੀਡਰ ਮਜੀਠੀਆ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ।

ਈਡੀ ਦੇ ਕੌਮੀ ਨਿਰਦੇਸ਼ਕ ਕਰਨਲ ਸਿੰਘ ਨੇ ਅਥਰਟੀ ਵੱਲੋਂ ਅਧਿਕਾਰੀਆਂ ’ਤੇ ਇਸ ਤਰ੍ਹਾਂ ਦੇ ਦਬਾਅ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨਿਰੰਜਨ ਸਿੰਘ ਨੂੰ ਕਦੀ ਵੀ ਮਜੀਠੀਆ ਜਾਂ ਕਿਸੇ ਹੋਰ ਖਿਲਾਫ ਕਾਰਵਾਈ ਕਰਨ ਤੋਂ ਕਦੀ ਨਹੀਂ ਰੋਕਿਆ।

ਇਸੇ ਦੌਰਾਨ ਨਿਰੰਜਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਦਬਾਅ ਵਿੱਚ ਆ ਕੇ ਅਸਤੀਫਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸਤੀਫੇ ਦੇ ਹੋਰ ਕਾਰਨ ਵੀ ਸਨ। ਉਨ੍ਹਾਂ ਦੇ ਮਿੱਤਰਾਂ ਨੇ ਕਿਹਾ ਸੀ ਕਿ ਜੇ ਉਹ ਸੰਸਥਾ ਨਾਲ ਕੰਮ ਕਰਨਾ ਜਾਰੀ ਰੱਖਣ ਤਾਂ ਉਹ ਬਿਹਤਰ ਤਰੀਕੇ ਨਾਲ ਸਮਾਜ ਦੀ ਸੇਵਾ ਕਰ ਸਕਦੇ ਹਨ।