ਅੰਮ੍ਰਿਤਸਰ: ਏਸ਼ੀਅਨ ਖੇਡਾਂ ਵਿੱਚ ਤੀਹਰੀ ਛਾਲ ਮੁਕਾਬਲੇ ਵਿੱਚ ਭਾਰਤ ਨੂੰ ਕਰੀਬ ਚਾਲੀ ਸਾਲਾਂ ਬਾਅਦ ਗੋਲਡ ਮੈਡਲ ਜਿਤਾਉਣ ਵਾਲਾ ਅਰਪਿੰਦਰ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਜਿੱਥੇ ਉਸ ਨੇ ਅੱਗੇ ਤੋਂ ਪੰਜਾਬ ਵੱਲੋਂ ਖੇਡਣ ਦਾ ਐਲਾਨ ਕੀਤਾ। ਉਸ ਨੇ ਕਿਹਾ ਕਿ ਉਹ ਮਜਬੂਰੀ ਵੱਸ ਹੀ ਹਰਿਆਣਾ ਵੱਲੋਂ ਖੇਡਣ ਗਿਆ ਸੀ ਜਿੱਥੇ ਉਸ ਨੂੰ ਬਿਹਤਰ ਸੁਵਿਧਾਵਾਂ ਤੇ ਮਾਹੌਲ ਮਿਲਿਆ। ਉਸ ਨੇ ਇਹ ਵੀ ਕਿਹਾ ਕਿ ਹਾਲੇ ਵੀ ਪੰਜਾਬ ਸਰਕਾਰ ਦੀ ਖੇਡ ਨੀਤੀ ਵਿੱਚ ਕਈ ਕਮੀਆਂ ਹਨ ਤੇ ਜੇ ਪੰਜਾਬ ਸਰਕਾਰ ਸਮਾਂ ਰਹਿੰਦੇ ਇਸ ਨੂੰ ਸੁਧਾਰ ਲਵੇ ਤਾਂ ਕੋਈ ਵੀ ਅਰਪਿੰਦਰ ਪੰਜਾਬ ਨੂੰ ਛੱਡ ਕੇ ਬਾਹਰ ਨਹੀਂ ਜਾਏਗਾ।

ਏਸ਼ੀਅਨ ਗੇਮਜ਼ ਦੇ ਵਿਚੋਂ ਸੋਨ ਤਗਮਾ ਜਿੱਤਣ ਤੋਂ ਬਾਅਦ ਅੱਜ ਅਰਪਿੰਦਰ ਸਿੰਘ ਪਹਿਲੀ ਵਾਰ ਆਪਣੇ ਘਰ ਆਇਆ ਤੇ ਸਭ ਤੋਂ ਪਹਿਲਾ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਦੀਦਾਰ ਕੀਤਾ। ਇੱਥੇ ਹੀ ਉਸ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਵੱਡਾ ਐਲਾਨ ਕੀਤਾ ਕਿ ਹੁਣ ਉਹ ਪੰਜਾਬ ਵੱਲੋਂ ਹੀ ਖੇਡੇਗਾ ਤੇ ਭਵਿੱਖ ਵਿੱਚ ਵੀ ਪੰਜਾਬ ਦੀ ਹੀ ਨੁਮਾਂਇੰਦਗੀ ਕਰੇਗਾ। ਅਰਪਿੰਦਰ ਨੇ ਹਰਿਆਣਾ ਵੱਲੋਂ ਖੇਡਣ ਦੀ ਵਜ੍ਹਾ ਪਿੱਛੇ ਕਈ ਕਾਰਨ ਗਿਣਾਏ, ਜਿਨ੍ਹਾਂ ਪੰਜਾਬ ਵਿੱਚ ਚੰਗੇ ਖੇਡ ਮੈਦਾਨ ਤੇ ਚੰਗੀਆਂ ਸਹੂਲਤਾਂ ਦੀ ਕਮੀ ਵੀ ਇੱਕ ਵੱਡਾ ਕਾਰਨ ਸੀ। ਉਸ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ ਨਸ਼ੇ ਦਾ ਰੋਣਾ ਰੋਂਦੀ ਹੈ ਪਰ ਜੇ ਬਿਹਤਰ ਖੇਡ ਸੁਵਿਧਾਵਾਂ ਹੋਣ ਤਾਂ ਕੋਈ ਨਸ਼ਾ ਨਹੀਂ ਕਰੇਗਾ।

ਪਿਛਲੇ ਸਮੇਂ ਤੋਂ ਅਰਪਿੰਦਰ ਤੇ ਉਸ ਦਾ ਪਰਿਵਾਰ ਲਗਾਤਾਰ ਕਹਿ ਰਹੇ ਸਨ ਕਿ ਉਹ ਪੰਜਾਬ ਵੱਲੋਂ ਨਹੀਂ ਹਰਿਆਣਾ ਵੱਲੋਂ ਹੀ ਖੇਡਦਾ ਰਹੇਗਾ। ਇਸ ਸਬੰਧੀ ਪੰਜਾਬ ਸਰਕਾਰ ਲਈ ਧਰਮ ਸੰਕਟ ਵਾਲੀ ਸਥਿਤੀ ਬਣੀ ਹੋਈ ਸੀ ਕਿ ਅਰਪਿੰਦਰ ਨੂੰ ਪੰਜਾਬ ਵੱਲੋਂ ਖੇਡਣ ਲਈ ਕਿਵੇਂ ਮਨਾਇਆ ਜਾਵੇ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਵਿੱਚ ਲੱਗੇ ਸਨ। ਇਸੇ ਤਹਿਤ ਪਿਛਲੇ ਦਿਨਾਂ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਇਨਾਮੀ ਰਕਮ ਵੀ ਤਕਸੀਮ ਕੀਤੀ ਸੀ।