ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਅੱਜ ਕਿਹਾ ਕਿ ਸਰਕਾਰ ਵੱਲੋਂ ਤਨਖਾਹ ਘਟਾ ਕੇ ਰੈਗੂਲਰ ਕਰਨ ਦੀ ਨੀਤੀ ਦਾ ਕੁਝ ਕੁ ਅਧਿਆਪਕ ਹੀ ਵਿਰੋਧ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਬੀਤੇ ਦਿਨ ਧਰਨੇ ’ਤੇ ਬੈਠੇ ਪੰਜ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਸਬੰਧੀ ਕਿਹਾ ਕਿ ਜੋ ਕੰਮ ਨਹੀਂ ਕਰੇਗਾ, ਉਹ ਤਨਖ਼ਾਹ ਦਾ ਹੱਕਦਾਰ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤੀ ਜਾਏਗੀ। ਦਰਅਸਲ ਸਿੱਖਿਆ ਮੰਤਰੀ ਅੱਜ ਮੁਕਤਸਰ ਪੁੱਜੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਰੈਗੂਲਰ ਕੀਤੇ ਅਧਿਆਪਕਾਂ ਦੀ ਨੀਤੀ ਦਾ ਵਿਰੋਧ ਯੂਨੀਅਨ ਆਗੂ ਹੀ ਕਰ ਰਹੇ ਹਨ ਜਦਕਿ ਬਹੁਤੇ ਅਧਿਆਪਕ ਸਰਕਾਰ ਦੇ ਇਸ ਫੈਸਲੇ ਨਾਲ ਸਹਿਮਤ ਹਨ। ਸਰਕਾਰ ਨੇ ਰੈਗੂਲਰ ਕਰਨ ਦੇ ਨਾਂ 'ਤੇ ਇਨ੍ਹਾਂ ਅਧਿਆਪਕਾਂ ਦੀ ਤਨਖਾਹ 45 ਹਜ਼ਾਰ ਤੋਂ ਘਟਾ ਤੇ 15 ਹਜ਼ਾਰ ਕਰ ਦਿੱਤੀ ਹੈ। ਇਸੇ ਦੌਰਾਨ ਵਾਤਾਵਰਨ ਦੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ। ਉਨ੍ਹਾਂ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵੀ ਵਧੀਆ ਕੰਮ ਕੀਤੇ ਜਾ ਰਹੇ ਹਨ।