ਅੰਮ੍ਰਿਤਸਰ: ਮੁਸਲਿਮ ਭਾਈਚਾਰੇ ਵੱਲੋਂ ਮਨਾਏ ਜਾਣ ਵਾਲੇ ਬਕਰੀਦ ਦੇ ਤਿਓਹਾਰ ਮੌਕੇ ਇਸਲਾਮ ਮੁਤਾਬਿਕ ਦਿੱਤੀ ਜਾਣ ਵਾਲੇ ਬੱਕਰਿਆਂ ਦੀ ਬਲੀ ਦੀ ਧਾਰਮਿਕ ਰਵਾਇਤ ਦੇ ਚੱਲਦਿਆਂ ਅੰਮ੍ਰਿਤਸਰ ਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਸ ਵਾਰ ਮਹਿੰਗੇ ਮੁੱਲ ਮਿਲਣ ਵਾਲੇ ਬੱਕਰਿਆਂ ਦੀ ਬਲੀ ਦਿੱਤੀ। ਇਸ ਦਿਨ ਨੂੰ ਲੈ ਬੱਕ੍ਰ ਮੰਡੀ ਚ ਕਾਫੀ ਭੀੜ ਨਜ਼ਰ ਆਈ ਪਰ ਬੱਕਰਿਆਂ ਦੇ ਰੇਟ ਵਿੱਚ ਹੋਏ ਵਾਧੇ ਦੇ ਚਲਦਿਆਂ ਬੱਕਰੇ ਵੇਚਣ ਵਾਲਿਆਂ ਦੇ ਨਾਲ ਬੱਕਰੇ ਖਰੀਦਣ ਵਾਲਿਆਂ ਦੇ ਚਿਹਰਿਆਂ ਤੇ ਵੀ ਨਿਰਾਸ਼ਾ ਨਜ਼ਰ ਆਈ।
ਅੰਮ੍ਰਿਤਸਰ ਦੀ ਬੱਕਰ ਮੰਡੀ ਵਿੱਚ ਰਾਜਸਥਾਨ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਪੰਜਾਬ ਦੇ ਮਾਝਾ ਇਲਾਕੇ 'ਚੋਂ ਬੱਕਰਿਆਂ ਦੇ ਵਪਾਰੀ ਬੱਕਰੇ ਹਰ ਸਾਲ ਆਉਂਦੇ ਹਨ। ਹਰਿਆਣਾ ਤੋਂ ਬੱਕਰੇ ਵੇਚਣ ਲਈ ਪਹੁੰਚੇ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਬਕਰੀਦ ਮੌਕੇ ਬੱਕਰੇ ਵੇਚਣ ਲਈ ਅੰਮ੍ਰਿਤਸਰ ਆ ਰਿਹਾ ਹੈ ਪਰ ਇਸ ਵਾਰ ਬੱਕਰਿਆਂ ਦੇ ਰੇਟ ਵਿਚ ਹੋਏ ਵਾਧੇ ਦੇ ਚੱਲਦਿਆਂ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਘੱਟ ਬੱਕਰੇ ਵਿਕੇ ਹਨ। ਮੌਜੂਦਾ ਸਮੇਂ ਵੱਡੇ ਬੱਕਰਿਆਂ ਦੇ ਰੇਟ ਵਿਚ 4 ਹਜ਼ਾਰ ਰੁਪਏ ਤੱਕ ਦਾ ਵਾਧਾ ਹੋਇਆ ਹੈ ਅਤੇ ਇਸ ਵਾਰ ਪ੍ਰਤੀ ਬੱਕਰਾ 4 ਹਜ਼ਾਰ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਵਿਕਿਆ ਹੈ।
ਮੰਡੀ ਵਿੱਚ ਮੌਜੂਦ ਅਧਿਕਾਰੀਆਂ ਮੁਤਾਬਿਕ ਪਿਛਲੇ ਸਾਲ ਬਕਰੀਦ ਮੌਕੇ 10 ਹਜ਼ਾਰ ਤੋਂ ਵਧੇਰੇ ਬੱਕਰੇ ਵਿਕੇ ਸਨ, ਜਦੋਂਕਿ ਇਸ ਵਾਰ ਨੋਟਬੰਦੀ ਅਤੇ ਜੀ. ਐਸ. ਟੀ. ਨੂੰ ਲੈ ਕੇ ਮਾਰਕੀਟ ਵਿਚ ਆਈ ਮੰਦੀ ਦੇ ਚੱਲਦਿਆਂ 6 ਹਜ਼ਾਰ ਤੋਂ ਵੀ ਘੱਟ ਬੱਕਰੇ ਵਿਕੇ ਹਨ।