ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ. ਕਰੁਨਾ ਰਾਜੂ ਨੇ ਵੀਰਵਾਰ ਨੂੰ ਦੱਸਿਆ ਕਿ ਆਉਣ ਵਾਲੀ 27 ਤੇ 28 ਅਪਰੈਲ ਨੂੰ ਛੁੱਟੀ ਹੋਣ ਕਾਰਨ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਪੱਤਰ ਪ੍ਰਾਪਤ ਨਹੀਂ ਕੀਤੇ ਜਾਣਗੇ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ 22 ਤੋਂ 29 ਅਪਰੈਲ ਤਕ ਨਾਮਜ਼ਦਗੀਆਂ ਭਰਨ ਦਾ ਐਲਾਨ ਕੀਤਾ ਸੀ ਜਿਸ ਵਿੱਚ ਐਤਵਾਰ ਵਾਲੇ ਦਿਨ ਦੀ ਛੋਟ ਰੱਖੀ ਗਈ ਸੀ।


ਹੁਣ ਇਸ ਛੋਟ ਵਿੱਚ ਸ਼ਨੀਵਾਰ ਦਾ ਦਿਨ ਵੀ ਸ਼ਾਮਲ ਹੋ ਗਿਆ ਹੈ ਅਤੇ 27 ਅਪਰੈਲ ਨੂੰ ਸਬੰਧਤ ਰੀਟਰਿੰਗ ਅਫ਼ਸਰ ਛੁੱਟੀ 'ਤੇ ਰਹਿਣਗੇ। ਅੱਜ ਯਾਨੀ 25 ਅਪਰੈਲ ਨੂੰ ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ ਅੱਜ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 49 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਹੁਣ ਤਕ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ 107 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਗਦੀਸ਼ ਮਸੀਹ ਆਜ਼ਾਦ ਉਮੀਦਵਾਰ, ਅਸ਼ਵਨੀ ਕੁਮਾਰ ਸੀਪੀਆਈ (ਐਮ.ਐਲ. ਲਿਬਰੇਸ਼ਨ) ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ, ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਤੋਂ ਪਰਮਜੀਤ ਕੌਰ ਖਾਲੜਾ, ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ, ਫ਼ਤਹਿਗੜ੍ਹ ਸਾਹਿਬ (ਰਾਖਵਾਂ) ਤੋਂ ਕਾਂਗਰਸ ਪਾਰਟੀ ਦੇ ਅਮਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।