ਚੰਡੀਗੜ੍ਹ: ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਕਾਂਗਰਸ 'ਚ ਸ਼ਮੂਲੀਅਤ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਕਾਫੀ ਖਫਾ ਹਨ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਸਾਹਮਣੇ ਇਸ ਜੁੰਡਲੀ ਦਾ ਭਾਂਡਾ ਫੁੱਟ ਗਿਆ ਹੈ। ਇਹ ਲੋਕ ਆਮ ਆਦਮੀ ਪਾਰਟੀ (ਆਪ) ਦੇ ਸੱਚੇ-ਸੁੱਚੇ ਮਿਸ਼ਨ 'ਤੇ ਨਹੀਂ, ਸਗੋਂ ਕੈਪਟਨ ਤੇ ਬਾਦਲਾਂ ਦੇ ਕਮਿਸ਼ਨ 'ਤੇ ਕੰਮ ਕਰ ਰਹੇ ਹਨ।


ਭਗਵੰਤ ਮਾਨ ਨੇ ਕਿਹਾ ਕਿ ਸਾਫ਼-ਸੁਥਰੇ ਅਕਸ ਵਾਲੀ ਪਾਰਟੀ 'ਆਪ' ਦੇ ਦਮ 'ਤੇ ਵਿਧਾਇਕ ਬਣਨ ਵਾਲੇ ਇਨ੍ਹਾਂ ਮੌਕਾਪ੍ਰਸਤ ਲੋਕਾਂ ਨੇ ਸਿਰਫ਼ 'ਆਪ' ਦੀ ਪਿੱਠ 'ਚ ਹੀ ਛੁਰਾ ਨਹੀਂ ਮਾਰਿਆ ਸਗੋਂ ਹਲਕੇ ਦੇ ਪੰਜਾਬੀਆਂ ਨੂੰ ਠੱਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਵੱਡੀ ਸਾਜ਼ਿਸ਼ ਤਹਿਤ ਇਹ ਲੋਕ ਪਹਿਲਾਂ 'ਆਪ' 'ਚ ਆਏ। ਵਿਧਾਇਕ ਬਣ ਕੇ ਪਾਰਟੀ ਨੂੰ ਬਦਨਾਮ ਕਰਨ ਤੇ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਤੇ ਹੁਣ ਚੋਣਾਂ ਤੋਂ ਪਹਿਲਾਂ 'ਝਟਕਾ' ਦੇਣ ਦੀ ਰਣਨੀਤੀ ਨਾਲ ਕਾਂਗਰਸ ਦਾ ਹੱਥ ਫੜਿਆ।

ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ-ਭਾਜਪਾ ਪਿਛਲੇ 5-7 ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਬੇਹੱਦ ਡਰੇ ਹੋਏ ਹਨ। ਉਹ ਕਿਸੇ ਵੀ ਕੀਮਤ 'ਤੇ 'ਆਪ' ਦਾ ਨਾਮੋ-ਨਿਸ਼ਾਨ ਖ਼ਤਮ ਕਰਨ ਲਈ ਤਰਲੋਮੱਛੀ ਹਨ। ਇਸ ਲਈ 'ਆਪ' ਵਿਰੁੱਧ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹਰ ਸਾਜ਼ਿਸ਼ ਹੋਈ। ਉਨ੍ਹਾਂ ਇਲਜ਼ਾਮ ਲਾਇਆ ਕਿ 'ਆਪ' ਵਿਰੁੱਧ ਸਾਜ਼ਿਸ਼ ਕਰਨ ਵਾਲੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਲਈ ਸੁਖਪਾਲ ਖਹਿਰਾ ਐਂਡ ਜੁੰਡਲੀ ਏਜੰਟ ਵਜੋਂ ਕੰਮ ਕਰ ਰਹੀ ਹੈ।

ਇਸ ਕਰਕੇ ਅੱਜ ਖਹਿਰਾ ਤੇ ਉਸ ਦੀ ਜੁੰਡਲੀ ਖ਼ੁਦ ਜਿੱਤਣ ਦੀ ਥਾਂ 'ਤੇ ਬਠਿੰਡਾ ਤੇ ਫ਼ਿਰੋਜ਼ਪੁਰ 'ਚ ਬਾਦਲਾਂ ਨੂੰ ਜਿਤਾਉਣ ਤੇ ਸੰਗਰੂਰ 'ਚ ਭਗਵੰਤ ਮਾਨ ਨੂੰ ਹਰਾਉਣ ਲਈ 'ਕਮਿਸ਼ਨ' 'ਤੇ ਕੰਮ ਕਰ ਰਹੀ ਹੈ। ਠੀਕ ਇਹੋ ਏਜੰਡਾ ਕੈਪਟਨ ਅਮਰਿੰਦਰ ਸਿੰਘ ਦਾ ਹੈ। ਭਗਵੰਤ ਮਾਨ ਨੇ ਪੰਜਾਬ ਖ਼ਾਸ ਕਰਕੇ ਭੁਲੱਥ ਤੇ ਮਾਨਸਾ ਦੇ ਲੋਕਾਂ ਨੂੰ ਮੁਖ਼ਾਤਬ ਹੁੰਦਿਆਂ ਮਾਫ਼ੀ ਮੰਗੀ ਕਿ ਉਹ ਤੇ 'ਆਪ' ਲੀਡਰਸ਼ਿਪ ਪਾਰਟੀ 'ਚ ਘੁੱਸੀਆਂ 'ਕਾਲੀਆਂ ਭੇਡਾਂ' ਦੀ ਪਛਾਣ ਨਹੀਂ ਕਰ ਸਕੀ ਜੋ ਪੰਜਾਬ ਦੀ ਆਧੁਨਿਕ ਕ੍ਰਾਂਤੀ ਦੇ ਅਸਲੀ ਕਾਤਲ ਹਨ ਤੇ ਹੁਣ ਸਾਬਤ ਹੋ ਚੁੱਕੇ ਹਨ।