ਮਾਨਸਾ: ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਹਾਲਾਤ ਉਦੋਂ ਕੁਝ ਅਸਹਿਜ ਹੋ ਗਏ ਜਦ ਇੱਕ ਜਾਗਰੂਕ ਵੋਟਰ ਨੇ ਉਨ੍ਹਾਂ ਨੂੰ ਰੁਜ਼ਗਾਰ ਦੇ ਮਾਮਲੇ 'ਤੇ ਕਈ ਤਿੱਖੇ ਸਵਾਲ ਦਾਗ ਦਿੱਤੇ। ਨੌਜਵਾਨ ਨੇ ਸਿੱਧਾ ਹੀ ਪੁੱਛ ਲਿਆ ਕਿ ਤੁਹਾਡੀ ਸਰਕਾਰ ਨੇ ਨਾ ਸਾਨੂੰ ਰੁਜਗਾਰ ਦਿੱਤਾ ਤੇ ਨਾ ਬੇਰੁਜ਼ਗਾਰੀ ਭੱਤਾ।


ਦਰਅਸਲ, ਆਪਣੇ ਲੋਕ ਸਭਾ ਹਲਕੇ ਅਧੀਨ ਆਉਂਦੇ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਤਹਿਤ ਰਾਜਾ ਵੜਿੰਗ ਭੀਖੀ ਪਹੁੰਚੇ। ਉਹ ਬਾਜ਼ਾਰ ਵਿੱਚ ਦੁਕਾਨਦਾਰਾਂ ਨਾਲ ਮੁਲਾਕਾਤ ਕਰ ਰਹੇ ਸਨ ਕਿ ਦੁਕਾਨ 'ਤੇ ਖੜ੍ਹੇ ਨੌਜਵਾਨ ਗੁਰਵਿੰਦਰ ਭੀਖੀ ਨੇ ਵੜਿੰਗ ਨੂੰ ਸਵਾਲ ਕਰਨਾ ਚਾਹਿਆ। ਵੜਿੰਗ ਨੇ ਵੀ ਦਲੇਰੀ ਦਿਖਾਈ ਤੇ ਨੌਜਵਾਨ ਦੇ ਸ਼ੰਕੇ ਦੂਰ ਕਰਨ ਲਈ ਰੁਕ ਗਏ। ਸ਼ਾਇਦ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਹ ਨੌਜਵਾਨ ਕੀ ਪੁੱਛਣ ਵਾਲਾ ਹੈ ਤੇ ਇਹ ਸਾਰਾ ਮਾਮਲਾ ਵੀਡੀਓ 'ਚ ਰਿਕਾਰਡ ਹੋ ਗਿਆ।

ਨੌਜਵਾਨ ਨੇ ਰਾਜਾ ਵੜਿੰਗ ਨੂੰ ਕਾਂਗਰਸ ਦੀ ਘਰ-ਘਰ ਨੌਕਰੀ ਮੁਹਿੰਮ 'ਤੇ ਸਵਾਲ ਕੀਤਾ ਤਾਂ ਵੜਿੰਗ ਨੇ ਕਿਹਾ ਕਿ ਪੰਜਾਬ 'ਚ ਕੁੱਲ 40 ਲੱਖ ਮੁਲਾਜ਼ਮ ਹਨ ਤੇ ਅਸੀਂ ਸਾਢੇ ਪੰਜ ਲੱਖ ਰੁਜ਼ਗਾਰ ਦਿੱਤਾ। ਇਸ 'ਤੇ ਨੌਜਵਾਨ ਨੇ ਕਿਹਾ ਕਿ ਤੁਸੀਂ ਗ਼ਲਤ ਹੋ ਸਾਨੂੰ ਨੌਕਰੀ ਨਹੀਂ ਮਿਲੀ। ਸਾਨੂੰ ਦਿਹਾੜੀ 'ਤੇ ਜਾਣਾ ਪੈਂਦਾ ਹੈ ਤੇ ਇਹ ਵੀ ਨਹੀਂ ਪਤਾ ਕਿ ਅੱਜ ਦਿਹਾੜੀ ਮਿਲੇਗੀ ਕਿ ਨਾ। ਗੁਰਵਿੰਦਰ ਨੇ ਕਿਹਾ ਕਿ ਤੁਸੀਂ ਕਹਿੰਦੇ ਸੀ ਕਿ 2,500 ਰੁਪਏ ਪੈਨਸ਼ਨ (ਬੇਰੁਜ਼ਗਾਰੀ ਭੱਤਾ) ਮਿਲੇਗਾ, ਪਰ ਉਹ ਵੀ ਨਾ ਮਿਲਿਆ। ਨੌਜਵਾਨ ਦੇ ਬੇਬਾਕ ਅੰਦਾਜ਼ 'ਤੇ ਰਾਜਾ ਵੜਿੰਗ ਲਾਜਵਾਬ ਹੋ ਗਏ।

ਫਿਰ ਵੜਿੰਗ ਨੇ ਨੌਜਵਾਨ ਤੋਂ ਉਸ ਦੀ ਵਿੱਦਿਅਕ ਯੋਗਤਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਬਾਰ੍ਹਵੀਂ ਪਾਸ ਹੈ ਤੇ ਮਹਿੰਗੇ ਪ੍ਰਾਈਵੇਟ ਕਾਲਜਾਂ 'ਚ ਅੱਗੇ ਨਹੀਂ ਪੜ੍ਹਨ ਦੀ ਉਸ ਵਿੱਚ ਸਮਰੱਥਾ ਨਹੀਂ ਹੈ। ਵੜਿੰਗ ਨੇ ਨੌਜਵਾਨ ਤੋਂ ਇਹ ਕਹਿ ਕੇ ਆਪਣਾ ਖਹਿੜਾ ਛੁਡਾਇਆ ਕਿ ਉਨ੍ਹਾਂ ਪੂਰੇ ਬਾਜ਼ਾਰ ਵਿੱਚ ਜਾਣਾ ਹੈ ਤੇ ਲੋਕ ਦੁਕਾਨਾਂ ਬੰਦ ਕਰ ਜਾਣਗੇ। ਬੇਵੱਸ ਹੋਏ ਵਿਧਾਇਕ ਵੜਿੰਗ ਨੇ ਨੌਜਵਾਨ ਗੁਰਵਿੰਦਰ ਨੂੰ ਹਾਰ ਕੇ ਇਹ ਕਹਿ ਦਿੱਤਾ ਕਿ ਕਾਕਾ ਤੂੰ ਮੇਰਾ ਅੱਧਾ ਘੰਟਾ ਲੈ ਲਿਆ, ਹਾਲਾਂਕਿ ਗੱਲਬਾਤ ਦੀ ਵੀਡੀਓ ਇੱਕ ਮਿੰਟ ਦੀ ਹੀ ਹੈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।

ਦੇਖੋ ਵੀਡੀਓ-