ਸੰਗਰੂਰ: ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਆਪਣੇ ਹਲਕੇ ਅੰਦਰ ਰੋਡ ਸ਼ੋਅ ਕੱਢਿਆ ਸੀ। ਇਸ ਦੌਰਾਨ ਸੰਗਰੂਰ ਪਹੁੰਚਣ 'ਤੇ ਰਸਤੇ 'ਚ ਉਨ੍ਹਾਂ ਦੇ ਸਵਾਗਤ ਲਈ ਵੱਡੇ-ਵੱਡੇ ਫਲੈਕਸ ਬੋਰਡ ਲਾਏ ਗਏ ਸੀ। ਚੋਣ ਜ਼ਾਬਤੇ ਦੀ ਇਸ ਤਰ੍ਹਾਂ ਹੋਈ ਉਲੰਘਣਾ ਲਈ ਚੋਣ ਕਮਿਸ਼ਨ ਨੇ ਅਕਾਲੀ ਦਲ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ।

ਜਾਣਕਾਰੀ ਮੁਤਾਬਕ ਢੀਂਡਸਾ ਦੇ ਸਵਾਗਤ ਲਈ ਫਲੈਕਸ ਬੋਰਡ ਵੀ ਜਨਤਕ ਪ੍ਰਾਪਰਟੀ 'ਤੇ ਹੀ ਲਾਏ ਗਏ ਸੀ। ਪੂਰੇ ਮਾਮਲੇ ਦਾ ਨੋਟਿਸ ਲੈਂਦਿਆਂ ਸੰਗਰੂਰ ਦੇ ਏਆਰਓ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਿਆਂ ਹੀ ਅਕਾਲੀ ਦਲ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕੋਲੋਂ ਚੋਣ ਜ਼ਾਬਤੇ ਦੀ ਹੋਈ ਉਲੰਘਣਾ ਲਈ ਜਵਾਬ ਮੰਗਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਿਹੜੇ ਫਲੈਕਸ ਬੋਰਡ ਲਾਏ ਗਏ ਸੀ, ਉਨ੍ਹਾਂ ਨੂੰ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪਬਲਿਕ ਪ੍ਰਾਪਰਟੀ 'ਤੇ ਅਜਿਹੇ ਬੋਰਡ ਨਾ ਲਾਉਣ ਤੇ ਚੋਣ ਜ਼ਾਬਤੇ ਦੀ ਉਲੰਘਣਾ ਨਾ ਕੀਤੀ ਜਾਏ।