ਨਾਂ: ਡਾ. ਧਰਮਵੀਰ ਗਾਂਧੀ


ਪਾਰਟੀ: ਨਵਾਂ ਪੰਜਾਬ ਪਾਰਟੀ

ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ

ਸਿਆਸੀ ਪਿਛੋਕੜ:

ਪੇਸ਼ੇ ਵਜੋਂ ਡਾਕਟਰ ਧਰਮਵੀਰ ਗਾਂਧੀ ਨੇ ਸਾਲ 2014 ਵਿੱਚ ਆਮ ਆਦਮੀ ਪਾਰਟੀ ਨਾਲ ਸਰਗਰਮ ਸਿਆਸਤ ਵਿੱਚ ਪੈਰ ਧਰਿਆ ਪਰ ਉਨ੍ਹਾਂ ਦਾ ਸਾਥ ਬਹੁਤੀ ਦੇਰ ਨਾ ਚੱਲਿਆ ਤੇ ਅੱਜ ਕੱਲ੍ਹ ਉਨ੍ਹਾਂ ਆਪਣੀ ਵੱਖਰੀ ਨਵਾਂ ਪੰਜਾਬ ਪਾਰਟੀ ਕਾਇਮ ਕਰ ਲਈ ਹੈ ਤੇ ਉਹ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ।

ਸਾਲ 2011 ਵਿੱਚ ਦੇਸ਼ ਵਿੱਚ ਚੱਲੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਪ੍ਰਭਾਵਿਤ ਹੋਏ ਡਾ. ਗਾਂਧੀ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ। ਉਨ੍ਹਾਂ ਸਾਲ 2014 ਵਿੱਚ ਪਹਿਲੀ ਵਾਰ ਆਮ ਚੋਣਾਂ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਕਾਂਗਰਸ ਉਮੀਦਵਾਰ, ਸਾਬਕਾ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ 20,000 ਵੋਟਾਂ ਨਾਲ ਮਾਤ ਦਿੱਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਿਆਸਤ ਵਿੱਚ ਕੋਈ ਖ਼ਾਸ ਸਰਗਰਮੀ ਨਹੀਂ ਸੀ। ਹਾਲਾਂਕਿ, ਸੰਨ 1977 ਵਿੱਚ ਅੰਮ੍ਰਿਤਸਰ ਵਿਖੇ ਪੜ੍ਹਾਈ ਕਰਦਿਆਂ ਉਨ੍ਹਾਂ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ।

ਨਿੱਜੀ ਜਾਣਕਾਰੀ:

ਧਰਮਵੀਰ ਗਾਂਧੀ ਦਾ ਜਨਮ ਪਹਿਲੀ ਜੂਨ 1951 ਨੂੰ ਰੋਪੜ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਐਮਬੀਬੀਐਸ ਤੇ ਐਮਡੀ ਦੀ ਡਿਗਰੀ ਅੰਮ੍ਰਿਤਸਰ ਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਤੋਂ ਹਾਸਲ ਕੀਤੀ। ਡਾ. ਗਾਂਧੀ ਪਟਿਆਲਾ ਦੇ ਮੰਨੇ-ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਰਾਂ ਵਿੱਚੋਂ ਇੱਕ ਹਨ ਤੇ ਹੁਣ ਉਹ ਬੇਬਾਕ ਸਿਆਸਤਦਾਨ ਵਜੋਂ ਵੀ ਮਕਬੂਲ ਹਨ।

ਹਲਕਾ:

ਡਾ. ਗਾਂਧੀ ਨੇ ਸਾਲ 2014 ਵਿੱਚ ਪਟਿਆਲਾ ਵਿੱਚ ਆਪਣੀ ਜਿੱਤ ਦਾ ਪਰਚਮ ਲਹਿਰਾਇਆ। ਉਨ੍ਹਾਂ ਨੂੰ 3,65,671 ਵੋਟਾਂ ਹਾਸਲ ਹੋਈਆਂ ਤੇ ਇਨ੍ਹਾਂ ਚੋਣਾਂ ਵਿੱਚ ਦੂਜੇ ਥਾਂ 'ਤੇ 3,44,729 ਨਾਲ ਪਰਨੀਤ ਕੌਰ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੀਪਿੰਦਰ ਸਿੰਘ ਢਿੱਲੋਂ ਨੂੰ 3,40,109 ਵੋਟਾਂ ਪਈਆਂ। 15.80 ਲੱਖ ਵੋਟਰਾਂ ਵਾਲੇ ਇਸ ਹਲਕੇ 'ਤੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਪਰਿਵਾਰ ਦਾ ਦਬਦਬਾ ਰਿਹਾ ਹੈ, ਪਰ ਸਮੇਂ-ਸਮੇਂ 'ਤੇ ਲੋਕਾਂ ਨੇ ਸ਼ਾਹੀ ਤਖ਼ਤ ਡੁਲਾਏ ਵੀ ਹਨ। ਇਸ ਵਾਰ ਵੀ ਲੋਕਾਂ ਨੇ 19 ਮਈ ਨੂੰ ਪਟਿਆਲਾ ਦੇ ਲੀਡਰਾਂ ਦੀ ਤਕਦੀਰ ਲਿਖ ਦੇਣੀ ਹੈ।

ਸੰਸਦੀ ਕਾਰਗੁਜ਼ਾਰੀ:

ਲੋਕ ਸਭਾ ਵੈੱਬਸਾਈਟ ਮੁਤਾਬਕ 5 ਸਾਲਾ ‘ਚ ਡਾ. ਧਰਮਵੀਰ ਗਾਂਧੀ ਦੀ ਸਦਨ ਵਿੱਚ ਹਾਜ਼ਰੀ 55% ਰਹੀ। ਸਾਲ 2014 ਵਿੱਚ ਸੰਸਦ ਮੈਂਬਰ ਬਣਨ ਮਗਰੋਂ ਉਨ੍ਹਾਂ ਕੁੱਲ 149 ਸਵਾਲ ਪੁੱਛੇ। ਧਰਮਵੀਰ ਗਾਂਧੀ ਨੇ ਪਾਰਲੀਮੈਂਟ ਵਿੱਚ ਬੈਠਣ ਨਾਲੋਂ ਹਲਕੇ ਵਿੱਚ ਵਿਚਰਨ ਨੂੰ ਤਰਜੀਹ ਦਿੱਤੀ। ਉਹ ਸ਼ਹਿਰੀ ਵਿਕਾਸ ਤੇ ਰੇਲਵੇ ਸਮੇਤ ਤਿੰਨ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਰਹੇ।

MPLAD ਫੰਡ:

ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਡਾ. ਧਰਮਵੀਰ ਗਾਂਧੀ ਨੇ ਆਪਣੇ ਹਲਕੇ ਦੇ ਵਿਕਾਸ ਲਈ 25.14 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 25.65 ਕਰੋੜ ਰੁਪਏ ਆਏ। ਡਾ. ਗਾਂਧੀ ਨੇ ਇਸ ਵਿੱਚੋਂ 24.88 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚੇ ਹਨ, ਜਦਕਿ 77 ਲੱਖ ਰੁਪਏ ਬਚ ਗਏ ਹਨ। ਉਨ੍ਹਾਂ ਆਪਣੇ ਫੰਡਾਂ ਦਾ 97.53% ਹਿੱਸਾ ਖਰਚ ਦਿੱਤਾ ਹੈ, ਸੋ ਇਸ ਕਸੌਟੀ 'ਤੇ ਉਹ ਪਾਸ ਹਨ।

ਡਾ. ਧਰਮਵੀਰ ਗਾਂਧੀ ਨੇ ਆਪਣੇ ਫੰਡਾਂ ਦੀ ਪਾਰਦਰਸ਼ਿਤਾ ਦਾ ਮੁਜ਼ਾਹਰਾ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਵੀ ਕੀਤਾ ਹੈ। ਉਨ੍ਹਾਂ ਸਿੱਖਿਆ ਤੇ ਮੈਡੀਕਲ ਖੇਤਰ ਵਿੱਚ ਆਪਣੇ ਸੰਸਦੀ ਫੰਡ ਵੱਧ ਖਰਚੇ ਹਨ।

ਕਿਉਂ ਮਹੱਤਵਪੂਰਨ ਫ਼ਰੀਦਕੋਟ ਹਲਕਾ ਤੇ ਕੀ ਚੁਣੌਤੀਆਂ:

ਪੰਜਾਬ ਦੇ ਪੁਰਾਤਨ ਸ਼ਹਿਰ ਤੇ ਸ਼ਾਹੀ ਘਰਾਣਿਆਂ ਕਰਕੇ ਪਟਿਆਲਾ ਲੋਕ ਸਭਾ ਹਲਕਾ ਮਹੱਤਵਪੂਰਨ ਹੈ। ਇੱਥੋਂ ਦੇ ਲੋਕਾਂ ਦਾ ਪਿਛੋਕੜ ਖੇਤੀਬਾੜੀ ਨਾਲ ਹੈ ਪਰ ਪੰਜਾਬੀ ਯੂਨੀਵਰਸਿਟੀ ਤੇ ਮਹਿੰਦਰਾ ਕਾਲਜ ਜਿਹੇ ਵਿੱਦਿਅਕ ਅਦਾਰਿਆਂ ਕਰਕੇ ਇਹ ਐਜੂਕੇਸ਼ਨ ਹੱਬ ਵੀ ਹੈ। ਪਟਿਆਲਾ ਵਿਦਿਆਰਥੀ ਸਿਆਸਤ ਦੀ 'ਨਰਸਰੀ' ਵੀ ਕਿਹਾ ਜਾ ਸਕਦਾ ਹੈ। ਇਸ ਨੂੰ ਪਟਿਆਲਾ ਸ਼ਾਹੀ ਪੱਗ, ਪਟਿਆਲੇ ਦੇ ਨਾਲੇ-ਪਰਾਂਦੇ, ਪਟਿਆਲਾ ਪੈੱਗ ਆਦਿ ਕਰਕੇ ਵੀ ਜਾਣਿਆਂ ਜਾਂਦਾ ਹੈ।

ਪਟਿਆਲਾ ਸ਼ਹਿਰ ਤੇ ਲੋਕ ਸਭਾ ਹਲਕੇ ਦੇ ਦੂਜੇ ਹਿੱਸਿਆਂ ਦੇ ਵਿਕਾਸ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਲਈ ਕੈਪਟਨ ਦੇ ਸ਼ਾਹੀ ਪਰਿਵਾਰ ਦੇ ਬਾਵਜੂਦ ਸੰਸਦੀ ਹਲਕੇ ਦੇ ਲੋਕ ਅਕਸਰ ਹੀ ਤਕੜੇ ਸਿਆਸਤਦਾਨਾਂ ਨੂੰ ਧੋਬੀ ਪਟਕਾ ਦਿੰਦੇ ਹਨ। ਅਜਿਹਾ ਸੰਨ 1998 ਵਿੱਚ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਾਤ ਦੇਣਾ ਤੇ ਪਿਛਲੀਆਂ ਸਾਲ 2014 ਵਿੱਚ ਡਾ. ਗਾਂਧੀ ਵੱਲੋਂ ਪਰਨੀਤ ਕੌਰ ਨੂੰ ਮਾਤ ਦੇਣ ਦੀਆਂ 'ਘਟਨਾਵਾਂ' ਤੋਂ ਸਮਝਿਆ ਜਾ ਸਕਦਾ ਹੈ।

ਪਰ ਇਸ ਵਾਰ ਸ਼ਾਹੀ ਸੰਸਦੀ ਹਲਕੇ ਦਾ ਸਿਆਸੀ ਦੰਗਲ ਉਮੀਦਵਾਰਾਂ ਨਾਲ ਹੀ ਭਰਿਆ ਪਿਆ ਹੈ। ਡਾ. ਧਰਮਵੀਰ ਗਾਂਧੀ ਤੋਂ ਇਲਾਵਾ ਇੱਥੇ ਕਾਂਗਰਸ ਤੋਂ ਪਰਨੀਤ ਕੌਰ, ਅਕਾਲੀ ਦਲ ਤੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਆਮ ਆਮਦੀ ਪਾਰਟੀ ਦੀ ਨੀਨਾ ਮਿੱਤਲ ਚੋਣ ਮੈਦਾਨ ਵਿੱਚ ਹਨ। ਹੁਣ 19 ਮਈ ਨੂੰ ਲੋਕਾਂ ਨੇ ਕਿਸ ਦੇ ਹੱਕ ਵਿੱਚ ਫੈਸਲਾ ਦੇਣਾ ਹੈ, ਇਸ ਦਾ ਪਤਾ ਤਾਂ 23 ਮਈ ਨੂੰ ਵੋਟਾਂ ਦੀ ਗਿਣਤੀ ਮਗਰੋਂ ਹੋ ਜਾਵੇਗਾ।