ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਜਾਏਗਾ। ਚੰਡੀਗੜ੍ਹ ਮੇਅਰ ਦੀ ਚੋਣ ਅੱਜ 30 ਜਨਵਰੀ ਨੂੰ ਹੋਣ ਜਾ ਰਹੀ ਹੈ। ਮੇਅਰ ਦੀ ਸੀਟ ਲਈ ‘ਆਪ’-ਕਾਂਗਰਸ ਦੇ ਕੁਲਦੀਪ ਕੁਮਾਰ ਟੀਟਾ ਤੇ ਭਾਜਪਾ ਦੇ ਮਨੋਜ ਸੋਨਕਰ ਵਿਚਾਲੇ ਸਿੱਧਾ ਮੁਕਾਬਲਾ ਹੈ। ਇਸ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਲਈ ‘ਆਪ’-ਕਾਂਗਰਸ ਗਠਜੋੜ ਦੇ ਗੁਰਪ੍ਰੀਤ ਸਿੰਘ ਗਾਬੀ ਤੇ ਭਾਜਪਾ ਦੇ ਕੁਲਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਸੀ ਪਰ ਚੋਣ ਅਫ਼ਸਰ ਦੇ ਬਿਮਾਰ ਹੋਣ ਕਾਰਨ ਅਚਾਨਕ ਇਹ ਚੋਣ ਟਾਲ ਦਿੱਤੀ ਸੀ। ਜਿਸ ਕਰਕੇ ਕਾਂਗਰਸ ਤੇ ਆਪ ਨੇ ਇਸ ਦੇ ਖਿਲਾਫ਼ ਹਾਈਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਨਗਰ ਨਿਗਮ ਨੇ ਪਹਿਲਾਂ ਕਿਹਾ ਸੀ ਕਿ 6 ਫਰਵਰੀ ਨੂੰ ਚੋਣ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਇੲ ਤਰੀਕ ਬਹੁਤ ਦੂਰ ਹੈ ਕੋਈ ਨਵੀਂ ਡੇਟ ਜਾਰੀ ਕੀਤੀ ਜਾਵੇ। ਜਿਸ ਕਰਕੇ 30 ਜਨਵਰੀ ਹਾਈਕੋਰਟ 'ਚ ਤਰੀਕ ਤੈਅ ਹੋਈ ਸੀ।
ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ ਦੇ ਮੇਅਰ ਦੀ ਚੋਣ ਵਿੱਚ ਵੋਟ ਪਾਉਂਦੇ ਹਨ, ਸਥਾਨਕ ਸੰਸਦ ਦੀ ਇੱਕ ਵੋਟ ਵੀ ਗਿਣੀ ਜਾਂਦੀ ਹੈ। ਇਸ ਤਰ੍ਹਾਂ ਨਗਰ ਨਿਗਮ ਦੇ ਕੁੱਲ 35 ਚੁਣੇ ਗਏ ਕੌਂਸਲਰਾਂ ਤੇ ਸੰਸਦ ਦੀ ਇੱਕ ਵੋਟ ਮਿਲ ਕੇ ਕੁੱਲ 36 ਵੋਟਾਂ ਬਣਦੀਆਂ ਹਨ। ਇਨ੍ਹਾਂ ਵਿੱਚੋਂ ‘ਆਪ’-ਕਾਂਗਰਸ ਗੱਠਜੋੜ (13 ‘ਆਪ’ ਤੇ 7 ਕਾਂਗਰਸ) ਕੋਲ 20 ਵੋਟਾਂ ਹਨ ਤੇ ਭਾਜਪਾ ਕੋਲ ਆਪਣੇ 14 ਕੌਂਸਲਰਾਂ ਤੇ ਸੰਸਦ ਦੀ ਇੱਕ ਵੋਟ ਸਮੇਤ ਕੁੱਲ 15 ਵੋਟਾਂ ਹਨ।
ਨਿਗਮ ਵਿੱਚ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਹੈ। ਅਕਾਲੀ ਦਲ ਦੇ ਕੌਂਸਲਰ ਨੇ ਕਿਹਾ ਸੀ ਕਿ ਉਹ ਨੋਟਾ ਨੂੰ ਵੋਟ ਪਾ ਸਕਦੇ ਹਨ। ਨਿਗਮ ਵਿੱਚ 9 ਨਾਮਜ਼ਦ ਕੌਂਸਲਰ ਵੀ ਹਨ, ਪਰ ਫਿਲਹਾਲ ਉਨ੍ਹਾਂ ਨੂੰ ਮੇਅਰ ਦੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ। ਮੇਅਰ ਦੀ ਚੋਣ ਜਿੱਤਣ ਲਈ 19 ਵੋਟਾਂ ਦੀ ਲੋੜ ਹੈ। ‘ਆਪ’-ਕਾਂਗਰਸ ਗੱਠਜੋੜ ਆਪਣੇ ਕੁੱਲ 20 ਕੌਂਸਲਰਾਂ ਨੂੰ ਲੈਕੇ ਮੇਅਰ ਦੀ ਚੋਣ ਜਿੱਤਣ ਲਈ ਪੂਰੀ ਤਰ੍ਹਾਂ ਆਸਵੰਦ ਹੈ।
ਦੂਜੇ ਪਾਸੇ ਭਾਜਪਾ ਵੀ ਸਿਰਫ਼ 15 ਕੌਂਸਲਰਾਂ ਦੇ ਜ਼ੋਰ ’ਤੇ ਮੇਅਰ ਦੀ ਚੋਣ ਜਿੱਤਣ ਦਾ ਦਾਅਵਾ ਕਰ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਦੂਜੀਆਂ ਪਾਰਟੀਆਂ ਦੇ ਕੌਂਸਲਰ ਵੀ ਆਪਣੀ ਪਾਰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣਗੇ।