ਚੰਡੀਗੜ੍ਹ: ਬੀਤੀ 19 ਸਤੰਬਰ ਨੂੰ ਪੰਜਾਬ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨ ਜਾਣਗੇ। ਅੱਜ ਸਵੇਰ 8 ਵਜੇ ਤੋਂ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਈ। ਸ਼ੁਰੂਆਤੀ ਰੁਝਾਨ ਵਿੱਚ ਕਾਂਗਰਸੀ ਉਮੀਦਵਾਰ ਅੱਗੇ ਚੱਲ ਰਹੇ ਹਨ, ਹਾਲਾਂਕਿ ਕਪੂਰਥਲਾ ਦੇ ਨਡਾਲਾ ਤੋਂ ਅਕਾਲੀ ਉਮੀਦਵਾਰ ਨੇ ਵੀ ਜਿੱਤ ਦਰਜ ਕਰਕੇ ਪਾਰਟੀ ਦਾ ਖਾਤਾ ਖੁੱਲ੍ਹਵਾ ਦਿੱਤਾ ਹੈ। ਬਾਅਦ ਦੁਪਿਹਰ ਤੋਂ ਮਗਰੋ ਸਟੀਕ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ, ਕਿਉਂਕਿ ਪੰਜਾਬ ਵਿੱਚ ਪੈ ਰਹੇ ਮੀਂਹ ਕਾਰਨ ਵੋਟਾਂ ਦੀ ਗਿਣਤੀ ਵਿੱਚ ਦੇਰੀ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਅੱਠ ਜ਼ਿਲ੍ਹਿਆਂ ਦੇ 54 ਬੂਥਾਂ 'ਤੇ ਮੁੜ ਵੋਟਾਂ ਪਈਆਂ ਸਨ। ਇਨ੍ਹਾਂ ਬੂਥਾਂ 'ਤੇ ਵੋਟਾਂ ਦੌਰਾਨ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸੀ।
ਹੁਣ ਤੱਕ ਪ੍ਰਾਪਤ ਅੰਕੜਿਆਂ ਮੁਤਾਬਕ ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜ਼ੋਨ ਖੁੱਡੀ ਕਲਾਂ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ 338 ਵੋਟਾਂ ਨਾਲ ਜੇਤੂ ਰਹੇ ਹਨ। ਅਜਨਾਲਾ ਦੇ ਜ਼ੋਨ ਦੂਜੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਜੇਤੂ ਹਨ।
ਗੁਰਦਾਸਪੁਰ ਜ਼ਿਲ੍ਹੇ ਚ ਹੁਣ ਤੱਕ ਦੀ ਗਿਣਤੀ ਮੁਤਾਬਕ ਕਾਂਗਰਸ ਅੱਗੇ ਜਾ ਰਹੀ ਹੈ। ਗਿਣਤੀ ਦਾ ਤੀਜਾ ਗੇੜ੍ਹ ਸ਼ੁਰੂ ਹੋ ਚੁੱਕਾ ਹੈ। ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਅਕਾਲੀ ਉਮੀਦਵਾਰ ਤੋਂ 135 ਵੋਟਾਂ ਨਾਲ ਅੱਗੇ ਜਾ ਰਹੇ ਹਨ।
ਹਲਕਾ ਰਾਜਾਸਾਂਸੀ ਦੇ ਖਿਆਲਾ ਕਲਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਖਿਆਲਾ ਜੇਤੂ ਰਹੇ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਨੂੰ ਹਰਾਇਆ। ਬਲਾਕ ਸੰਮਤੀ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ (ਅੰਮ੍ਰਿਤਸਰ) ਤੋਂ ਕਾਂਗਰਸੀ ਉਮੀਦਵਾਰ ਹਰਬੀਰ ਸਿੰਘ 722 ਵੋਟਾਂ ਨਾਲ ਜੇਤੂ ਰਹੇ।