ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋਏ ਵਿਧਾਇਕ ਸੁਖਪਾਲ ਖਹਿਰਾ ਦੀ ਸਿਆਸਤ ਦਾ ਅੰਤ ਹੋ ਗਿਆ ਹੈ। ਇਸ ਗੱਲ ਦੀ ਚਰਚਾ ਉਨ੍ਹਾਂ ਵੱਲੋਂ ਲੰਘੇ ਦਿਨ ਬੜੇ ਨਾਟਕੀ ਢੰਗ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਅਸਤੀਫਾ ਵਾਪਸ ਲੈਣ ਮਗਰੋਂ ਛਿੜੀ ਹੈ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਸਾਥੀਆਂ ਦੇ ਸਾਥ ਛੱਡਣ ਮਗਰੋਂ ਖਹਿਰਾ ਇਕੱਲੇ ਰਹਿ ਗਏ ਹਨ। ਉਨ੍ਹਾਂ ਨੂੰ ਹੁਣ ਇਕੱਲੇ ਚੱਲ ਕੇ ਕੋਈ ਮੰਜ਼ਲ ਨਜ਼ਰ ਨਹੀਂ ਆ ਰਹੀ। ਇਸ ਲਈ ਉਹ ਸਰਗਰਮ ਸਿਆਸਤ 'ਚ ਬਣੇ ਰਹਿਣ ਲਈ ਵਿਧਾਇਕ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ।

ਦਰਅਸਲ ਆਮ ਆਦਮੀ ਪਾਰਟੀ (ਆਪ) ਵਿੱਚੋਂ ਮੁਅੱਤਲ ਤੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਂਦੇ ਹਨ। ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜਨ ਤੇ ‘ਆਪ’ ਤੋਂ ਅਸਤੀਫਾ ਦੇਣ ਦੇ ਬਾਵਜੂਦ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਕਾਰਨ ਵਿਰੋਧੀ ਪਾਰਟੀਆਂ ਨੇ ਉਸ ਉਪਰ ਸਿਆਸੀ ਹਮਲਾ ਤੇਜ਼ ਕਰ ਦਿੱਤਾ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਖਹਿਰਾ ਸਣੇ ਹੋਰ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਚੁੱਕੀ ਹੈ।

ਬੇਸ਼ੱਕ ਵਿਰੋਧੀ ਧਿਰਾ ਅਲੋਚਨਾ ਕਰ ਰਹੀਆਂ ਹਨ ਪਰ ਖਹਿਰਾ ਆਪਣੇ ਫੈਸਲੇ ਨੂੰ ਸਹੀ ਠਹਿਰਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਲਕਾ ਭੁਲੱਥ ਦੇ ਲੋਕਾਂ ਨੇ ਵਿਧਾਇਕ ਬਣਾਇਆ ਹੈ। ਹਲਕੇ ਦੇ ਲੋਕ ਨਹੀਂ ਚਾਹੁੰਦੇ ਕਿ ਉਹ ਅਸਤੀਫਾ ਦੇਣ, ਇਸ ਲਈ ਅਸਤੀਫਾ ਵਾਪਸ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਵਿੱਚੋਂ ਮੁਅੱਤਲ ਕਰਨ ਦਾ ਉਨ੍ਹਾਂ ਨੂੰ ਅੱਜ ਤਕ ਕੋਈ ਪੱਤਰ ਨਹੀਂ ਮਿਲਿਆ।

ਕਾਬਲੇਗੌਰ ਹੈ ਕਿ ਜਦੋਂ ‘ਆਪ’ ਹਾਈਕਮਾਂਡ ਨੇ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰ ਕੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਸੀ ਤਾਂ ਖਹਿਰਾ ਨੇ ਬਗਾਵਤ ਕਰਕੇ ‘ਆਪ’ ਦੀ ਦਿੱਲੀ ਹਾਈਕਮਾਨ ਕੋਲੋਂ ਪੰਜਾਬ ਇਕਾਈ ਦੀ ਖੁਦਮੁਖਤਿਆਰੀ ਲੈਣ ਦਾ ਝੰਡਾ ਚੁੱਕਿਆ ਸੀ। ਬਗਾਵਤ ਕਰਨ ਵੇਲੇ ਉਨ੍ਹਾਂ ਨਾਲ ਵਿਧਾਇਕ ਰੁਪਿੰਦਰ ਰੂਬੀ, ਜੈ ਕਿਸ਼ਨ ਰੋੜੀ, ਨਾਜ਼ਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਵੀ ਸਨ।

ਖਹਿਰਾ ਨੇ ਬਾਗੀ ਧੜੇ ਵੱਲੋਂ ਅਗਸਤ 2018 ਦੌਰਾਨ ਬਠਿੰਡਾ ਵਿੱਚ ‘ਆਪ’ ਵਿਰੁੱਧ ਵਿਸ਼ਾਲ ਕਨਵੈਨਸ਼ਨ ਵੀ ਕੀਤੀ ਸੀ, ਜਿਸ ਵਿੱਚ ਉਸ ਨੇ ਵੱਡੇ ਐਲਾਨ ਕੀਤੇ ਸਨ। ਪਹਿਲੇ ਪੜਾਅ ਵਿੱਚ ਹੀ ਵਿਧਾਇਕ ਰੁਪਿੰਦਰ ਰੂਬੀ ਤੇ ਰੋੜੀ ਨੇ ਖਹਿਰਾ ਦਾ ਸਾਥ ਛੱਡ ਦਿੱਤਾ ਸੀ। ਇਸ ਤੋਂ ਬਾਅਦ ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਬਣਾਉਣ ਕਾਰਨ ਕੰਵਰ ਸੰਧੂ, ਕਮਾਲੂ, ਮਾਨਸ਼ਾਹੀਆ, ਜੱਗਾ ਤੇ ਪਿਰਮਲ ਸਿੰਘ ਨੇ ਉਸ ਤੋਂ ਦੂਰੀਆਂ ਬਣਾ ਲਈਆਂ ਸਨ। ਵਿਧਾਇਕ ਮਾਸਟਰ ਬਲਦੇਵ ਸਿੰਘ ਹੀ ਇਕੱਲੇ ਖਹਿਰਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਪਰ ਪਿਛਲੇ ਦਿਨੀਂ ਉਹ ਵੀ ਸਾਥ ਛੱਡ ਕੇ ਮੁੜ ਆਪ ਵਿੱਚ ਚਲੇ ਗਏ ਹਨ।

ਉਧਰ, ‘ਆਪ’ ਦੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖਹਿਰਾ ਦੇ ਮੂੰਹ ’ਤੇ ਪਾਇਆ ਮੁਖੌਟਾ ਲਹਿ ਗਿਆ ਹੈ ਤੇ ਉਨ੍ਹਾਂ ਅਸਲ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਨੇ ਪੰਜਾਬ ਵਿੱਚ ਤੀਸਰੀ ਧਿਰ ਤੇ ‘ਆਪ’ ਨੂੰ ਤੋੜਣ ਦੀ ਸਾਜ਼ਿਸ਼ ਘੜੀ ਸੀ ਤੇ ਜਦੋਂ ਉਹ ਸਫਲ ਨਹੀਂ ਹੋਏ ਤਾਂ ਅਸਤੀਫਾ ਵਾਪਸ ਲੈ ਲਿਆ ਹੈ। ਹੁਣ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ।