ਅੰਮ੍ਰਿਤਸਰ: ਐਸਐਸਓਸੀ ਅੰਮ੍ਰਿਤਸਰ ਵਿੰਗ ਦੀ ਟੀਮ ਨੇ ਕਪੂਰਥਲਾ ਦੀ ਜੇਲ੍ਹ ਵਿੱਚ ਨਜ਼ਰਬੰਦ ਮਾਲਵਾ ਦੇ ਸਰਗਰਮ ਤੇ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਦੀ ਬੈਰਕ ਵਿੱਚੋਂ ਮੋਬਾਈਲ ਫੋਨ ਮਿਲਣ ਦੇ ਮਾਮਲੇ ਦੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਪਾ ਦਿੱਤੀ ਹੈ। ਬਲਜੀਤ ਸਿੰਘ ਦਾਦੂਵਾਲ ਨੂੰ ਬਠਿੰਡਾ ਵਿੱਚ ਚੱਲ ਰਹੇ ਇੱਕ ਵਿਵਾਦ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਧਾਰਾ 107/151 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸੁਰੱਖਿਆ ਕਾਰਨਾਂ ਦੇ ਚੱਲਦੇ ਬਠਿੰਡਾ ਦੀ ਬਜਾਏ ਕਪੂਰਥਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ।


ਬੀਤੀ 20 ਅਕਤੂਬਰ ਨੂੰ ਦਾਦੂਵਾਲ ਸਮੇਤ ਉਨ੍ਹਾਂ ਦੇ ਚਾਰ ਸਾਥੀਆਂ ਦੀ ਬੈਰਕ ਚੋਂ ਪੁਲਿਸ ਨੂੰ ਇੱਕ ਮੋਬਾਈਲ ਫੋਨ ਬਰਾਮਦ ਹੋਇਆ। ਇਸ ਸਬੰਧੀ ਬਕਾਇਦਾ ਦਾਦੂਵਾਲ ਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਕਪੂਰਥਲਾ ਦੇ ਕੋਤਵਾਲੀ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਚੱਲਦੇ ਕੱਲ੍ਹ ਦਾਦੂਵਾਲ ਨੂੰ ਐਸਐਸਓਸੀ ਦੀ ਟੀਮ ਨੇ ਕਪੂਰਥਲਾ ਦੀ ਜੇਲ੍ਹ ਤੋਂ ਦਾਦੂਵਾਲ ਨੂੰ ਪ੍ਰੋਡਕਸ਼ਨ ਵਰੰਟ 'ਤੇ ਲੈ ਕੇ ਉਨ੍ਹਾਂ ਦੀ ਮੋਬਾਇਲ ਬਰਾਮਦਗੀ ਦੇ ਮਾਮਲੇ ਦੀ ਗ੍ਰਿਫਤਾਰੀ ਪਾ ਦਿੱਤੀ ਹੈ।


ਐਸਐਸਓਸੀ ਦੇ ਡੀਐੱਸਪੀ ਹਰਵਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀਰਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ।