ਚੰਡੀਗੜ੍ਹ: ਪੰਜਾਬ ਦੀ ਆਵਾਜਾਈ ਮੰਤਰੀ ਨੇ ਰਜ਼ੀਆ ਸੁਲਤਾਨਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਹਰ ਬੱਸ ਸਟੈਂਡ 'ਤੇ ਵਾਈ-ਫਾਈ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਵਾਹਨ ਟਰੈਕਿੰਗ ਸਿਸਟਮ ਲਾਏ ਜਾਣਗੇ।


ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਬੱਸ ਸੇਵਾਵਾਂ ਦੇ ਜਨਰਲ ਮੈਨੇਜਰਾਂ ਦੀ ਮੀਟਿੰਗ ਦੱਸਿਆ ਕਿ ਬੱਸਾਂ ਦਾ ਰੂਟ 'ਤੇ ਚਲਦੇ ਦੌਰਾਨ ਸਹੀ ਸਥਾਨ ਦਾ ਪਤਾ ਲਗਾਉਣ ਲਈ ਵਹੀਕਲ ਟਰੈਕਿੰਗ ਸਿਸਟਿਮ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ ਜਿਸ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਡਰਾਇਵਰ ਵਲੋਂ ਕਿਸ ਸ਼ਹਿਰ ਜਾਂ ਕਸਬੇ 'ਤੇ ਬੱਸ ਨੂੰ ਕਿੰਨੀ ਦੇਰ ਲਈ ਰੋਕਿਆ ਗਿਆ ਜਾਂ ਫਿਰ ਕਿਸ ਬਸ ਅੱਡੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।



ਉਨ੍ਹਾਂ ਕਿਹਾ ਕਿ ਇਸ ਵਹੀਕਲ ਟਰੈਕਿੰਗ ਸਿਸਟਿਮ ਦਾ ਪ੍ਰੀਖਣ ਪੀਆਰਟੀਸੀ ਦੀਆਂ 350 ਬੱਸਾਂ ਵਿਚ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਪ੍ਰਣਾਲੀ ਨੂੰ ਰੋਡਵੇਜ਼ ਤੇ ਪੀਆਰਟੀਸੀ ਦੀਆਂ ਸਾਰੀਆਂ ਬੱਸਾਂ ਵਿਚ ਲਾਗੂ ਕੀਤਾ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜਨਤਕ ਆਵਾਜਾਈ ਅਧੀਨ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੀਆਰਟੀਸੀ ਨੂੰ ਜਲਦ 100 ਨਵੀਆਂ ਬੱਸਾਂ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹਰ ਬੱਸ ਅੱਡੇ 'ਤੇ ਇੰਟਰਨੈੱਟ ਦੀ ਮੁਫਤ ਵਾਈ-ਫਾਈ ਸੇਵਾ ਮੁਹੱਈਆ ਕਰਵਾਈ ਜਾਵੇਗੀ। ਇਸ ਮੁਫ਼ਤ ਵਾਈ-ਫਾਈ ਸੇਵਾ ਨੂੰ ਲੁਧਿਆਣਾ ਤੇ ਜਲੰਧਰ ਵਿੱਚ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਡਰਾਈਵਰਾਂ ਤੇ ਕੰਡਕਟਰਾਂ ਦੀਆਂ ਖ਼ਾਲੀ ਅਸਾਮੀਆਂ ਦੇ ਵੇਰਵੇ ਵੀ ਮੰਗੇ ਹਨ।