ਚੰਡੀਗੜ੍ਹ: ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਲਈ ਫੰਡ ਇਕੱਠਾ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਚੈਟ ਸਾਹਮਣੇ ਆਉਣ ਅਤੇ ਇਸ ਵਿਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹਿੱਸੇ ਦਾ ਜ਼ਿਕਰ ਹੋਣ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਵ੍ਹਟਸਐਪ ਚੈਟ ਦੇ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਮੁੱਦਾ ਮਿਲ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਨੇ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਹੈ। ਵਾਇਰਲ ਚੈਟ ਵਿੱਚ ਦੋ ਅਧਿਕਾਰੀ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ। ਇਸ ਵਿੱਚ ਮੰਡੀਆਂ ਵਿੱਚ ਲੱਗੇ ਇੰਸਪੈਕਟਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਚੈਟ ਰਾਹੀਂ ਕਈ ਥਾਵਾਂ ਤੋਂ ਫੰਡ ਲੈਣ ਦਾ ਵੀ ਜ਼ਿਕਰ ਹੈ।


ਇੱਕ ਅਧਿਕਾਰੀ ਨੇ ਗੱਲਬਾਤ ਵਿੱਚ ਇੱਥੋਂ ਤੱਕ ਕਿਹਾ ਹੈ ਕਿ ਮੰਤਰੀ ਨੇ 6 ਫਰਵਰੀ ਨੂੰ ਰਾਹੁਲ ਗਾਂਧੀ ਦੀ ਰੈਲੀ ਵਿੱਚ ਫੰਡ ਜੁਟਾਉਣ ਦੀ ਗੱਲ ਕੀਤੀ ਹੈ। ਦੂਜੇ ਅਫਸਰ ਨੇ ਜਵਾਬ ਦਿੱਤਾ ਕਿ ਜੇਕਰ ਕਿਤੇ ਪੈਸੇ ਆਏ ਤਾਂ ਭੇਜ ਦਿੱਤੇ ਜਾਣਗੇ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਫੰਡ ਜੁਟਾਉਣ ਦੀ ਹਦਾਇਤ ਭਾਰਤ ਭੂਸ਼ਣ ਆਸ਼ੂ ਤੋਂ ਮਿਲੀ ਹੈ ਜਾਂ ਕਿਸੇ ਹੋਰ ਮੰਤਰੀ ਕੋਲੋਂ ਆਈ ਹੈ।


ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਇਸ ਗੱਲਬਾਤ ਦਾ ਜ਼ਿਕਰ ਕੀਤਾ ਗਿਆ ਤਾਂ ਸੂਬਾ ਸਰਕਾਰ ਨੇ ਪਨਸਪ ਦੇ ਇਕ ਸੀਨੀਅਰ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਮਾਮਲਾ ਦੱਬ ਗਿਆ। ਹਾਲਾਂਕਿ ਉਸ ਸਮੇਂ ਜਦੋਂ ਸਾਬਕਾ ਕੈਬਨਿਟ ਮੰਤਰੀ ਤੋਂ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਅਜਿਹਾ ਕੋਈ ਮਾਮਲਾ ਹੋਣ ਤੋਂ ਇਨਕਾਰ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਚੈਟ ਸ਼ਿਕਾਇਤਕਰਤਾ ਦੇ ਹੱਥ ਸੀ ਅਤੇ ਉਸ ਨੇ ਇਸ ਬਾਰੇ ਵਿਜੀਲੈਂਸ ਨੂੰ ਸੂਚਿਤ ਕਰ ਦਿੱਤਾ ਹੈ।


ਇਸ ਮਾਮਲੇ ਸਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਘਪਲਾ ਅਨਾਜ ਦੀ ਢੋਆ-ਢੁਆਈ ਵਿੱਚ ਹੀ ਨਹੀਂ ਸਗੋਂ ਅਨਾਜ ਦੀ ਖਰੀਦ ਵਿੱਚ ਵੀ ਵੱਡੇ ਪੱਧਰ ’ਤੇ ਹੋ ਰਿਹਾ ਹੈ। ਉਨ੍ਹਾਂ ਪਹਿਲਾਂ ਵੀ ਆਵਾਜ਼ ਉਠਾਈ ਸੀ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
 
ਵਿਜੀਲੈਂਸ ਟੀਮ ਚੈਟ ਹੀ ਨਹੀਂ ਕਈ ਥਿਊਰੀਆਂ 'ਤੇ ਜਾਂਚ ਕਰ ਰਹੀ ਹੈ। ਘਪਲੇ ਸਬੰਧੀ ਕੋਈ ਵੀ ਸੂਚਨਾ ਵਿਜੀਲੈਂਸ ਕੋਲ ਆ ਰਹੀ ਹੈ, ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।