ਲੁਧਿਆਣਾ : ਲੁਧਿਆਣਾ ਦੇ ਸਭ ਤੋਂ ਪੁਰਾਣੇ ਸਿਨੇਮਾ ਘਰਾਂ ਵਿੱਚੋਂ ਇੱਕ ਸੁਸਾਇਟੀ ਸਿਨੇਮਾ ਦੇ ਮਾਲਕ ਤੇਜੇਸ਼ਵਰ ਸਿੰਘ ਮਲਹੋਤਰਾ ਉਰਫ਼ ਰਾਜਾ ਨੇ ਅੱਜ ਸਵੇਰੇ ਆਪਣੇ ਘਰ ਦੇ ਬਾਥਰੂਮ ਵਿੱਚ ਆਪਣੀ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਦੇ ਸਮੇਂ ਪਰਿਵਾਰਕ ਮੈਂਬਰ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ। ਜਦੋਂ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਰਾਜਾ ਦੇ ਕਮਰੇ 'ਚ ਪਹੁੰਚੇ ਤਾਂ ਬਾਥਰੂਮ 'ਚ ਖੂਨ ਨਾਲ ਲੱਥਪੱਥ ਲਾਸ਼ ਪਈ ਸੀ।


ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਾਭਾ ਨਗਰ ਦੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖ਼ੁਦਕੁਸ਼ੀ ਦੇ ਪਿੱਛੇ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਰਾਜਾ ਆਪਣੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਸੀ, ਜਿਸ ਕਾਰਨ ਉਸ ਨੇ ਇਹ ਵੱਡਾ ਕਦਮ ਚੁੱਕਿਆ।

 

ਜਾਣਕਾਰੀ ਅਨੁਸਾਰ ਰਾਜਾ ਦਾ ਸ਼ਹਿਰ ਵਿੱਚ ਪੁਰਾਣਾ ਸੋਸਾਇਟੀ ਸਿਨੇਮਾ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਵੇਚ ਕੇ ਉੱਥੇ ਸੁਸਾਇਟੀ ਮਾਲ ਪਲਾਜ਼ਾ ਬਣਾ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਨਿਵੇਸ਼ ਕੀਤਾ। ਰਾਜਾ ਕੁਝ ਸਮੇਂ ਤੋਂ ਆਪਣੇ ਜਿਗਰ ਦੀ ਬੀਮਾਰੀ ਤੋਂ ਬਹੁਤ ਪਰੇਸ਼ਾਨ ਸੀ। ਲਗਾਤਾਰ ਇਲਾਜ ਤੋਂ ਬਾਅਦ ਵੀ ਉਸ ਨੂੰ ਕੋਈ ਫਰਕ ਮਹਿਸੂਸ ਨਹੀਂ ਹੋਇਆ। ਇਸ ਕਾਰਨ ਉਹ ਡਿਪ੍ਰੈਸ਼ਨ ਵਿੱਚ ਸੀ। ਸ਼ੁੱਕਰਵਾਰ ਸਵੇਰੇ ਉਸ ਨੇ ਮੁੰਬਈ 'ਚ ਪੜ੍ਹਦੇ ਆਪਣੇ ਬੇਟੇ ਨਾਲ ਗੱਲ ਕੀਤੀ ਅਤੇ ਫਿਰ ਬਾਥਰੂਮ 'ਚ ਜਾ ਕੇ ਖੁਦ ਨੂੰ ਗੋਲੀ ਮਾਰ ਲਈ।

 
ਰਾਜਾ ਨੇ ਆਪਣੀ ਲਾਇਸੈਂਸੀ ਰਿਵਾਲਵਰ ਕਾਫੀ ਸਮੇਂ ਤੋਂ ਆਪਣੀ ਮਾਂ ਕੋਲ ਰੱਖੀ ਹੋਈ ਸੀ। ਦੋ ਦਿਨ ਪਹਿਲਾਂ ਹੀ ਉਸ ਨੇ ਆਪਣੀ ਮਾਂ ਤੋਂ ਲਾਇਸੈਂਸੀ ਰਿਵਾਲਵਰ ਵਾਪਸ ਲਈ ਸੀ। ਪੁਲਿਸ ਨੇ ਦੱਸਿਆ ਕਿ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਹ ਆਪਣੀ ਸਿਹਤ ਤੋਂ ਕਾਫੀ ਪਰੇਸ਼ਾਨ ਸੀ ਅਤੇ ਖੁਦਕੁਸ਼ੀ ਕਰ ਲਈ। ਪਰਿਵਾਰ ਦੇ ਬਾਕੀ ਮੈਂਬਰਾਂ ਦੇ ਬਿਆਨ ਲਿਖੇ ਜਾਣ ਤੋਂ ਬਾਅਦ ਪੁਲਿਸ ਕਾਰਵਾਈ ਕਰੇਗੀ।