ਗੁਰਦਾਸਪੁਰ : ਨਸ਼ੇ ਨੇ ਇਕ ਘਰ ਹੋਰ ਉਜਾੜ ਦਿੱਤਾ ਹੈ। ਨਸ਼ੇ ਦੀ ਪੂਰਤੀ ਲਈ ਨਸ਼ੇ ਦੀ ਗ੍ਰਿਫਤ ਵਿੱਚ ਆਏ ਨਸ਼ੇੜੀ ਕਿਸੇ ਵੀ ਹੱਦ ਤੱਕ ਚਲਾ ਜਾਂਦਾ ਹੈ ਅਤੇ ਅਪਣਿਆਂ ਦਾ ਨੁਕਸਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਐਸਾ ਹੀ ਇਕ ਮਾਮਲਾ  ਗੁਰਦਾਸਪੁਰ ਜ਼ਿਲੇ ਦੇ ਕਸਬਾ ਕਾਦੀਆ ਤੋਂ ਸਾਹਮਣੇ ਆਇਆ ਹੈ ,ਜਿਥੇ ਨਸ਼ੇ ਦੇ ਆਦੀ ਇਕ ਪੁੱਤ ਨੇ ਨਸ਼ੇ ਦੀ ਪੂਰਤੀ ਨੂੰ ਲੈ ਕੇ ਆਪਣੀ ਹੀ ਮਾਂ ਕੋਲੋ ਪੈਸੇ ਮੰਗਣ ਦੌਰਾਨ ਝਗੜਾ ਕੀਤਾ। 


 

 ਮਾਂ ਵਲੋਂ ਪੈਸੇ ਨਾ ਦੇਣ ਕਾਰਨ ਗੁਸੇ ਵਿੱਚ ਆਏ ਨਸ਼ੇੜੀ ਪੁੱਤ ਨੇ ਨਸ਼ੇ ਦੀ ਹਾਲਤ ਵਿਚ ਘਰ ਅੰਦਰ ਸਿਲੰਡਰ ਨੂੰ ਅੱਗ ਲਾ ਕੇ ਘਰ ਨੂੰ ਬਲਾਸਟ ਕਰ ਦਿੱਤਾ ,ਜਿਸ ਕਾਰਨ ਪੂਰਾ ਘਰ ਸੜ ਕੇ ਸੁਆਹ ਹੋ ਗਿਆ। ਹੰਝੂ ਭਰੀਆਂ ਅੱਖਾਂ ਨਾਲ ਪੀੜਤ ਮਾਂ ਨੇ ਅਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਸਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਮਾਂ ਕੋਲੋ ਪੈਸੇ ਮੰਗਦਾ ਸੀ ਅਤੇ ਪੈਸੇ ਨਾ ਮਿਲਣ ਕਾਰਨ ਆਪਣੀ ਮਾਂ ਨਾਲ ਝਗੜਨ ਲਗ ਪਿਆ। 

 

ਇਸੇ ਗਲ ਤੋਂ ਦੁਖੀ ਮਾਂ ਨਜ਼ਦੀਕ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਈ ਅਤੇ ਪਿੱਛੋਂ ਗੁੱਸੇ ਵਿਚ ਆਏ ਨਸ਼ੇੜੀ ਪੁੱਤਰ ਨੇ ਆਪਣੇ ਹੀ ਘਰ ਅੰਦਰ ਗੈਸ ਸਿਲੰਡਰ ਨੂੰ ਅੱਗ ਲਗਾ ਕੇ ਘਰ ਨੂੰ ਬਲਾਸਟ ਕਰਕੇ ਸਾੜ ਦਿੱਤਾ। ਘਰ ਪੁਰੀ ਤਰਾਂ ਸੜ ਕੇ ਸਵਾਹ ਹੋ ਗਿਆ। ਇਥੋਂ ਤਕ ਕੇ ਘਰ ਅੰਦਰ ਪਿਆ ਸਾਰਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ। ਉਨਾਂ ਅਪੀਲ ਕੀਤੀ ਕਿ ਸਰਕਾਰ ਇਹਨਾਂ ਨਸ਼ਾ ਵੇਚਣ ਵਾਲਿਆਂ 'ਤੇ ਨਕੇਲ ਕੱਸੇ ਤਾਂਕਿ ਨਸ਼ੇ ਦੀ ਗ੍ਰਿਫਤ ਵਿਚੋਂ ਨੌਜਵਾਨੀ ਨੂੰ ਬਚਾਇਆ ਜਾ ਸਕੇ। ਓਧਰ ਪੁਲਿਸ ਵਲੋਂ ਨਸ਼ੇੜੀ ਪੁੱਤਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। 

 

ਦੱਸ ਦੇਈਏ ਕਿ 15 ਦਸੰਬਰ 2015 ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਬਠਿੰਡਾ ਵਿੱਚ ਇੱਕ ਰੈਲੀ ਦੌਰਾਨ ਹੱਥ ਵਿੱਚ ਗੁਟਕਾ ਸਾਹਿਬ ਫੜ੍ਹ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਹੁੰ ਖਾਧੀ ਸੀ ਕਿ "ਚਾਰ ਹਫ਼ਤਿਆਂ 'ਚ ਨਸ਼ੇ ਦਾ ਲੱਕ ਤੋੜ ਕੇ ਛਡੂੰ। ਕਾਂਗਰਸ ਨਸ਼ੇ ਨੂੰ ਖ਼ਤਮ ਕਰਨ ਦਾ ਵਾਅਦਾ ਕਰਕੇ 2017 ਵਿੱਚ ਪੰਜਾਬ ਵਿੱਚ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ 77 ਸੀਟਾਂ ਜਿੱਤ ਕੇ ਸੱਤਾ ਵਿੱਚ ਕਾਬਜ਼ ਹੋਈ ਪਰ ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਕੁੱਝ ਨਹੀਂ ਹੋਇਆ। ਪੰਜਾਬ ਵਿੱਚ ਚਿੱਟੇ ਤੇ ਨਸ਼ਿਆਂ ਦਾ ਅੰਨ੍ਹੇਵਾਹ ਵਪਾਰ ਜਾਰੀ ਹੈ। ਸੂਬੇ ਵਿੱਚ ਚਿੱਟਾ ਨਸ਼ਾ ਇਸ ਕਦਰ ਫੈਲ ਚੁੱਕਿਆ ਕਿ ਆਏ ਦਿਨ ਛੈਲ ਛਬੀਲੇ ਨੌਜਵਾਨ ਗੱਭਰੂ ਨਸ਼ਿਆਂ ਦੀ ਭਿਆਨਕ ਲਤ ਕਾਰਨ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ।