ਲੁਧਿਆਣਾ : ਲੁਧਿਆਣਾ ਦੇ ਬੱਤੀ ਸੈਕਟਰ ਵਿਚ ਇੱਕ ਘਰ 'ਤੇ ਗੁਆਂਢੀਆਂ ਨੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਪਰ ਇਸ ਪੂਰੇ ਮਾਮਲੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਦਰਅਸਲ ਮਾਮਲਾ ਕੁੱਤੇ ਨੂੰ ਘੁਮਾਉਣ ਨੂੰ ਲੈ ਕੇ ਹੋਇਆ ਹੈ ,ਜਿਸ ਤੋਂ ਬਾਅਦ ਵਿਵਾਦ ਵੱਧ ਗਿਆ।  ਓਧਰ ਪੀੜਤ ਪਰਿਵਾਰ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ,ਜਿਸ ਚੱਲਦਿਆਂ ਪੁਲਿਸ ਨੇ ਜਾਂਚ ਪੜਤਾਲ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ। 

 

ਪੀੜਤ ਪਰਿਵਾਰਿਕ ਮੈਂਬਰਾਂ ਮੁਤਾਬਕ ਉਨ੍ਹਾਂ ਦੇ ਪਿਤਾ ਘਰ ਦੇ ਬਾਹਰ ਖੜ੍ਹੇ ਸੀ। ਇੰਨੇ ਵਿਚ ਨਾਲ ਦੇ ਗੁਆਂਢੀ ਆਪਣਾ ਕੁੱਤਾ ਘੁਮਾਉਣ ਦੇ ਲਈ ਉਨ੍ਹਾਂ ਦੇ ਘਰ ਦੇ ਗੇਟ ਅੱਗੇ ਆ ਗਏ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢੀ ਵਿਜੇ ਆਪਣਾ ਪਾਲਤੂ ਕੁੱਤਾ ਲੈ ਕੇ ਉਨ੍ਹਾਂ ਦੇ ਘਰ ਦੇ ਅੱਗੇ ਆ ਜਾਂਦੇ ਹਨ ਅਤੇ ਘਰ ਦੇ ਆਲੇ ਦੁਆਲੇ ਹੀ ਪਿਸ਼ਾਬ ਕਰਵਾ ਦਿੰਦੇ ਸੀ। ਇਸਦਾ ਪੀੜਤ ਪਰਿਵਾਰ ਵਿਰੋਧ ਕਰਦਾ ਸੀ। 

 

ਜਿਸ ਨੂੰ ਲੈ ਕੇ ਕੁੱਤੇ ਦਾ ਮਾਲਕ ਵਿਜੇ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਆ ਗਿਆ ਅਤੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ। 

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ 'ਚ ਦੋ ਧਿਰਾਂ 'ਚ ਕੁੱਤੇ ਨੂੰ ਘੁਮਾਉਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਇਲਾਵਾ ਰੂਪਨਗਰ ਜ਼ਿਲ੍ਹੇ ਦੇ ਪਿੰਡ ਦਬੁਰਜ਼ੀ ਵਿੱਚ ਪਾਲਤੂ ਕੁੱਤਾ ਘੁਮਾਉਣ ਨੂੰ ਲੈ ਕੇ ਹੋਏ ਇੱਕ ਝਗੜੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਰੂਪਨਗਰ ਵਿੱਚ ਦਾਖਲ ਕਰਵਾਇਆ ਗਿਆ ਸੀ।

 

ਜ਼ਖਮੀ ਕੁਲਵਿੰਦਰ ਸਿੰਘ (38)  ਦੇ ਭਰਾ ਦੀਦਾਰ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਭਰਾ ਕੁਲਵਿੰਦਰ ਸਿੰਘ ਆਪਣੇ ਪਾਲਤੂ ਕੁੱਤੇ ਨੂੰ ਬਾਹਰ ਘੁਮਾਉਣ ਲਈ ਘਰੋਂ ਬਾਹਰ ਨਿਕਲਿਆ ਸੀ ਅਤੇ ਗੁਆਂਢੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਗੁਆਂਢ ਵਿੱਚ ਰਹਿੰਦੇ ਤਿੰਨ ਨੌਜਵਾਨਾਂ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਇਸ ਝਗੜੇ ਦੌਰਾਨ ਉਸ ਦੇ ਭਰਾ ਉਤੇ ਰਾਰਡ ਨਾਲ ਹਮਲਾ ਕਰ ਦਿੱਤਾ।