ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਲਏ ਗਏ ਫੈਸਲਿਆਂ ਕਰ ਕੇ ਇਸ ਸਮੇਂ ਕੋਹਰਾਮ ਮੱਚਿਆ ਪਿਆ ਹੈ। ਟਕਸਾਲੀ ਅਕਾਲੀ ਆਗੂਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੋਂ ਬਾਅਦ ਹੁਣ ਪਾਰਟੀ ਪ੍ਰਧਾਨ ਸੁਖਬੀਰ ਵਿਰੁੱਧ ਬਗ਼ਾਵਤੀ ਸੁਰ ਉੱਭਰੇ ਹਨ। ਐਸਜੀਪੀਸੀ ਦੀ ਸਾਬਕਾ ਜਨਰਲ ਸਕੱਤਰ ਕਿਰਨਜੋਤ ਕੌਰ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਕਿਰਨਜੋਤ ਕੌਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿੱਚ ਜੋ ਭੂਮਿਕਾ ਨਿਭਾਈ ਹੈ ਉਸ ਕਰ ਕੇ ਬਾਦਲ ਨੂੰ ਖ਼ੁਦ ਹੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਪਾਰਟੀ ਕਮਾਂਨ ਕਿਸੇ ਯੋਗ ਆਗੂ ਨੂੰ ਸੌਂਪ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੁਤਾਬਕ ਡੇਰਾ ਸਿਰਸਾ ਮੁਖੀ ਨੂੰ ਤਖ਼ਤਾਂ ਦੇ ਜਥੇਦਾਰਾਂ ਪਾਸੋਂ ਮੁਆਫ਼ੀ ਦੀ ਕਾਰਵਾਈ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ਤਾਂ ਇਹ ਕੌਮੀ ਵਿਸ਼ਵਾਸ਼ ਦਾ ਘਾਣ ਹੈ । ਉਨ੍ਹਾਂ ਇਹ ਵੀ ਕਿਹਾ ਕਿ ਇਹ ਕੋਈ ਸਾਧਾਰਣ ਘਟਨਾ ਨਹੀਂ ਹੈ ਬਲਕਿ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਵਾਲੀ ਗੱਲ ਹੈ। ਕਿਰਨਜੋਤ ਕੌਰ ਨੇ ਕਿਹਾ ਕਿ ਸੁਖਬੀਰ ਨੂੰ ਨਾ ਸਿਰਫ ਤੁਰੰਤ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਬਲਕਿ ਮਰਿਆਦਾ ਦੇ ਕੀਤੇ ਘਾਣ ਲਈ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ। ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਵਿਰੁੱਧ ਇਹ ਕੋਈ ਪਹਿਲੀ ਬਗ਼ਾਵਤੀ ਆਵਾਜ਼ ਨਹੀਂ ਹੈ। ਇਸ ਤੋਂ ਪਹਿਲਾਂ ਟਕਸਾਲੀ ਅਕਾਲੀ ਆਗੂਆਂ ਨੇ ਆਪਣੇ 'ਸਿਆਣਪ' ਭਰੇ ਲਹਿਜ਼ੇ ਵਿੱਚ ਸੁਖਬੀਰ ਬਾਦਲ ਵੱਲੋਂ ਕੀਤੀਆਂ 'ਗ਼ਲਤੀਆਂ' 'ਤੇ ਟੋਕਿਆ ਸੀ। ਇਸ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ 'ਆਪਣਿਆਂ' ਵੱਲੋਂ ਹਮਲੇ ਤੇਜ਼ ਹੋ ਗਏ ਹਨ।