ਜਾਣੋ ਸ੍ਰੀ ਅਕਾਲ ਤਖ਼ਤ ਦੇ ਨਵੇਂ ਥਾਪੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਿਛੋਕੜ
ਏਬੀਪੀ ਸਾਂਝਾ | 22 Oct 2018 05:35 PM (IST)
ਪੁਰਾਣੀ ਤਸਵੀਰ
ਅੰਮ੍ਰਿਤਸਰ: ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਥਾਪੇ ਗਏ ਹਨ। ਕਾਰਜਕਾਰੀ ਜਥੇਦਾਰ ਵੱਜੋਂ ਨਿਯੁਕਤ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਹਨ। ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਜਥੇਦਾਰ ਵੀ ਬਣ ਗਏ ਹਨ। ਗਿਆਨੀ ਹਰਪ੍ਰੀਤ ਸਿੰਘ ਦੀ ਉਮਰ 45 ਸਾਲ ਦੱਸੀ ਜਾਂਦੀ ਹੈ। ਉਨ੍ਹਾਂ ਦਾ ਜਨਮ ਗਿੱਦੜਬਾਹਾ ਵਿੱਚ ਹੋਇਆ ਤੇ ਉਹ ਧਾਰਮਿਕ ਅਧਿਐਨ ਵਿੱਚ ਡਾਟਕਰੀ ਕਰ ਰਹੇ ਹਨ। ਹਰਪ੍ਰੀਤ ਸਿੰਘ ਮਾਲਵੇ ਦੇ ਪ੍ਰਸਿੱਧ ਕਥਾਵਾਚਕ ਤੇ ਧਰਮ ਪ੍ਰਚਾਰ ਕਮੇਟੀ ਨਾਲ ਜੁੜੇ ਗਿਆਨੀ ਮੇਵਾ ਸਿੰਘ ਸੰਗ ਲੰਬਾ ਸਮਾਂ ਪ੍ਰਚਾਰਕ ਵਜੋਂ ਰਹੇ। ਫਰਵਰੀ 2004 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਬਤੌਰ ਕਥਾ ਵਾਚਕ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਕਰੀਬ 13 ਸਾਲ ਹੈੱਡ ਗ੍ਰੰਥੀ ਵੀ ਰਹੇ। ਸਾਲ 2017 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਗਿੱਦੜਬਾਹਾ ਤੇ ਉਚੇਰੀ ਸਿੱਖਿਆ ਬਠਿੰਡਾ ਤੋਂ ਪ੍ਰਾਪਤ ਕੀਤੀ। ਹੁਣ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨਾਲ ਇੱਕ ਹੋਰ ਵਿਲੱਖਣ ਗੱਲ ਜੁੜੀ ਹੋਈ ਹੈ। ਉਨ੍ਹਾਂ ਦੇ ਸਹੁਰੇ ਜੈਤੋ ਹਨ ਤੇ ਉਨ੍ਹਾਂ ਆਪਣੇ ਸਾਢੂ ਦੀ ਇੱਕ ਧੀ ਨੂੰ ਵੀ ਗੋਦ ਲਿਆ ਹੋਇਆ ਹੈ। ਹਾਲੇ ਤਕ ਗਿਆਨੀ ਹਰਪ੍ਰੀਤ ਸਿੰਘ ਦਾ ਵਿਵਾਦਾਂ ਨਾਲ ਵਾਹ ਨਹੀਂ ਪਿਆ ਹੈ। ਨਾਲ ਹੀ ਕਾਫੀ ਲੰਮੇ ਸਮੇਂ ਬਾਅਦ ਸ੍ਰੀ ਅਕਾਲ ਤਖ਼ਤ ਦੀ ਕਮਾਨ ਇੱਕ ਨੌਜਵਾਨ ਤੇ ਉੱਚ ਸਿੱਖਿਅਤ ਸ਼ਖ਼ਸੀਅਤ ਹੱਥ ਆਈ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਸਿੱਖਾਂ ਦੀ ਸਿਰਮੌਰ ਸੰਸਥਾ 'ਤੇ ਪਿਛਲੇ ਸਮੇਂ ਦੌਰਾਨ ਲੱਗੇ 'ਦਾਗ਼' ਧੋਣ ਵਿੱਚ ਕਿੰਨੇ ਕੁ ਸਫ਼ਲ ਰਹਿੰਦੇ ਹਨ।