ਚੰਡੀਗੜ੍ਹ: ਬਰਨਾਲਾ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਠੇਕੇਦਾਰ ਤੇ ਟਰੱਕ ਯੂਨੀਅਨ ਬਰਨਾਲਾ ਦੇ ਆਗੂਆਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਟਰੱਕ ਯੂਨੀਅਨ ਆਗੂਆਂ ਨੇ ਲਿਫ਼ਟਿੰਗ ਠੇਕੇਦਾਰਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਟਰੱਕਾਂ ਦੀ ਭੰਨ੍ਹ-ਤੋੜ ਵੀ ਕੀਤੀ ਗਈ। ਇੱਥੋਂ ਤਕ ਕਿ ਕਈ ਟਰੱਕਾਂ ਦੇ ਟਾਇਰਾਂ ਵਿੱਚੋਂ ਹਵਾ ਵੀ ਕੱਢੀ।

ਲਿਫਟਿੰਗ ਠੇਕੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਯੂਨੀਅਨ ਦੇ ਆਗੂਆਂ ਨੇ ਝੋਨੇ ਦੀ ਭਰਾਈ ਸਮੇਂ ਕੁਝ ਬਦਮਾਸ਼ਾਂ ਨਾਲ ਉਨ੍ਹਾਂ ਦੇ ਡਰਾਈਵਰਾਂ ਦੀ ਕੁੱਟਮਾਰ ਕੀਤੀ ਤੇ ਗੱਡੀਆ ਦੀ ਭੰਨ੍ਹ-ਤੋੜ ਕੀਤੀ। ਠੇਕੇਦਾਰਾਂ ਨੇ ਮੰਗ ਕੀਤੀ ਕਿ ਜੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਲਿਫਟਿੰਗ ਦਾ ਕੰਮ ਠੱਪ ਕਰਕੇ ਰੋਸ ਪ੍ਰਦਰਸ਼ਨ ਕਰਨਗੇ।

ਦੂਜੇ ਪਾਸੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਗਈਆਂ ਹਨ, ਫਿਰ ਵੀ ਭਾਈਚਾਰਕ ਤੌਰ ’ਤੇ ਸਮਝੌਤੇ ਰਾਹੀਂ ਲਿਫ਼ਟਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕੁੱਟਮਾਰ ਬਾਰੇ ਲੱਗੇ ਇਲਜ਼ਾਮਾਂ ਸਬੰਧੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਪੁਲਿਸ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ।