ਚੰਡੀਗੜ੍ਹ: ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਭਿਆਨਕ ਰੇਲ ਹਾਦਸਾ ਵਾਪਰਿਆ ਜਿਸ ਵਿੱਚ 59 ਨਿਰਦੋਸ਼ਾਂ ਦੀ ਜਾਨ ਚਲੀ ਗਈ। ਇਸ ਮਾਮਲੇ ਸਬੰਧੀ ਰੇਲਵੇ ਵਿਭਾਗ ਨੇ ਤਾਂ ਜਾਂਚ ਕਰਾਉਣ ਤੋਂ ਪੱਲਾ ਝਾੜ ਲਿਆ ਸੀ ਪਰ ਗੁਰੂਗਰਾਮ ਦੇ ਵਕੀਲ ਨੇ ਇਸ ਮਾਮਲੇ ਦੀ CBI ਜਾਂਚ ਕਰਾਉਣ ਲਈ ਅੱਜ ਪੰਜਾਬ ਤੇ ਹਰਿਆਣਾ ਹੋਈਕੋਰਟ ਵਿੱਚ ਪਹੁੰਚ ਕੀਤੀ। ਇਸ ਪਟੀਸ਼ਨ ’ਤੇ ਮੰਗਲਵਾਰ ਨੂੰ ਚੀਫ ਜਸਟਿਸ ਕ੍ਰਿਸ਼ਨਾ ਮੂਰਤੀ ਦੀ ਅਗਵਾਲੀ ਵਾਲੀ ਬੈਂਚ ਵੱਲੋਂ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ।
ਪਟੀਸ਼ਨਰ ਦਿਨੇਸ਼ ਕੁਮਾਰ ਡਕੋਰੀਆ ਨੇ ਪਟੀਸ਼ਨ ਵਿੱਚ ਪੰਜਾਬ ਰਾਜ ਤੇ ਹੋਰ ਪ੍ਰਤੀਨਿਧੀਆਂ ਨੂੰ ਮਾਮਲੇ ਸਬੰਧੀ ਵਿਸ਼ੇਸ਼ ਜਾਂਚ ਟੀਮ ਬਣਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਵਕੀਲ ਨੇ ਉੱਚ ਅਦਾਲਤ ਵੱਲੋਂ ਜਾਂਚ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਪੀੜਤਾਂ ਨੂੰ ਮੁਆਵਜ਼ੇ ਦੇਣ ਲਈ ਉਨ੍ਹਾਂ ਦੇ ਨਿੱਜੀ ਨੁਕਸਾਨ ਦੇ ਮੁਲਾਂਕਣ ਕਰਨ ਲਈ ਸੇਵਾਮੁਕਤ/ਬੈਠੇ ਜੱਜਾਂ ਦੇ ਅਧੀਨ ਕਮਿਸ਼ਨ ਗਠਿਤ ਕਰਨ ਲਈ ਦਿਸ਼ਾ-ਨਿਰਦੇਸ਼ਾਂ ਦੀ ਵੀ ਮੰਗ ਕੀਤੀ ਗਈ ਹੈ।
ਪਟੀਸ਼ਨਰ ਨੇ ਅੰਮ੍ਰਿਤਸਰ-ਈਸਟ ਤੋਂ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੂੰ ਜਵਾਬਦੇਹ ਬਣਾਇਆ ਹੈ। ਉਹ ਹਾਦਸੇ ਵਾਲੀ ਥਾਂ ਦੇ ਨੇੜੇ ਦੁਸਹਿਰਾ ਸਮਾਗਮ ਵਿੱਚ ਮੁੱਖ ਮਹਿਮਾਨ ਸਨ। ਇਹ ਇਲਾਕਾ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਵਿੱਚ ਪੈਂਦਾ ਹੈ। ਪਟੀਸ਼ਨਰ ਨੇ ਵਕੀਲ ਸ਼ਸ਼ਾਕ ਦਿਓ ਸੁਧ ਦੇ ਜ਼ਰੀਏ ਦਾਅਵਾ ਕੀਤਾ ਕਿ ਸੂਬਾ ਪੁਲਿਸ ਉਹ ਸਾਰੇ ਜ਼ਿੰਮੇਵਾਰਾਂ ਖ਼ਿਲਾਫ਼ FIR ਦਰਜ ਕਰੇ ਜੋ ਜੌੜਾ ਫਾਟਕ ਦੇ ਨਜ਼ਦੀਕੀ ਅਜਿਹੇ ‘ਗੈਰਜ਼ਿੰਮੇਵਾਰਾਨਾ ਸਮਾਗਮ’ ਕਰਾਉਣ ਲਈ ਜ਼ਿੰਮੇਵਾਰ ਹਨ।
ਪਟੀਸ਼ਨਰ ਨੇ ਕਿਹਾ ਕਿ ਪੰਜਾਬ ਦੇ ਸਿਆਸਤਦਾਨ ਵੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਸੰਭਵ ਨਹੀਂ ਹੈ ਕਿਉਂਕਿ ਇਹ ਸੂਬਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।