ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਖ਼ੁਦ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। CBI ਦੇ ਅਧਿਕਾਰੀ ਇੱਕ-ਦੂਜੇ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਹਨ। ਮਾਮਲਾ FIR ਤਕ ਪਹੁੰਚ ਗਿਆ ਹੈ। ਸੀਬੀਆਈ ਨੇ ਆਪਣੇ ਹੀ ਵਿਸ਼ੇਸ਼ ਨਿਰਦੇਸ਼ਕ ਯਾਨੀ ਨੰਬਰ ਦੋ ਦਾ ਅਹੁਦਾ ਰੱਖਣ ਵਾਲੇ ਰਾਕੇਸ਼ ਅਸਥਾਨਾ ’ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ ’ਤੇ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਾ ਹੈ। ਉੱਧਰ ਪੀਐਮ ਮੋਦੀ ’ਤੇ ਸ਼ਬਦੀ ਹਮਲਾ ਕਰਨ ਲਈ ਕੋਈ ਮੌਕਾ ਨਾ ਛੱਡਣ ਵਾਲੇ ਰਾਹੁਲ ਗਾਂਧੀ ਇਸ ਮਾਮਲੇ ’ਤੇ ਵੀ ਮੋਦੀ ਨੂੰ ਘੇਰਦੇ ਨਜ਼ਰ ਆ ਰਹੇ ਹਨ।

ਰਾਕੇਸ਼ ਅਸਥਾਨਾ ਤੇ ਕੀ ਇਲਜ਼ਾਮ?

ਏਜੰਸੀ ਦੀ ਰਿਪੋਰਟ ਮੁਤਾਬਕ, ਕਾਰੋਬਾਰੀ ਮੋਈਨ ਕੁਰੈਸ਼ੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਜਿਸ ਮੁਲਜ਼ਮ ਵਿਰੁੱਧ ਰਾਕੇਸ਼ ਜਾਂਚ ਕਰ ਰਹੇ ਸਨ, ਉਨ੍ਹਾਂ ਉਸੇ ਮੁਲਜ਼ਮ ਕੋਲੋਂ ਰਿਸ਼ਵਤ ਲਈ। ਦੋ ਮਹੀਨੇ ਪਹਿਲਾਂ ਅਸਥਾਨਾ ਨੇ ਕੈਬਨਿਟ ਸਕੱਤਰ ਕੋਲ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਖਿਲਾਫ ਵੀ ਇਸੇ ਤਰ੍ਹਾਂ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਹੁਣ ਸੀਬੀਆਈ ਨੇ ਸਤੀਸ਼ ਸਾਨਾ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਸ਼ੇਸ਼ ਨਿਰਦੇਸ਼ਕ ਅਸਥਾਨਾ ਖਿਲਾਫ FIR ਦਰਜ ਕਤੀ ਹੈ। ਮੋਈਨ ਕੁਰੈਸ਼ੀ ਦੀ ਕਥਿਤ ਸ਼ਮੂਲੀਅਤ ਨਾਲ ਸਬੰਧਤ 2017 ਦੇ ਇੱਕ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਸਾਨਾ ਨੇ ਇਲਜ਼ਾਮ ਲਾਇਆ ਹੈ ਕਿ ਅਸਥਾਨਾ ਨੇ ਉਸ ਨੂੰ ਕਲੀਨ ਚਿਟ ਦਿਵਾਉਣ ਲਈ ਕਥਿਤ ਤੌਰ ’ਤੇ ਮਦਦ ਕੀਤੀ।

ਰਾਕੇਸ਼ ਨੇ ਆਲੋਕ ਵਰਮਾ ਖਿਲਾਫ ਕੀਤੀ ਸੀ ਸ਼ਿਕਾਇਤ

ਸਰਕਾਰੀ ਸੂਤਰਾਂ ਮੁਤਾਬਕ ਅਸਥਾਨਾ ਨੇ 24 ਅਗਸਤ ਨੂੰ ਕੈਬਨਿਟ ਸਕੱਤਰ ਨੂੰ ਚਿੱਠੀ ਲਿਖ ਕੇ ਆਲੋਕ ਵਰਮਾ ਖਿਲਾਫ ਕਥਿਤ ਭ੍ਰਿਸ਼ਟਾਚਾਰ ਦੇ 10 ਮਾਮਲੇ ਗਿਣਾਏ ਸੀ। ਇਸੇ ਚਿੱਠੀ ਵਿੱਚ ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਸਾਨਾ ਨੇ ਇਸ ਮਾਮਲੇ ਵਿੱਚ ਕਲੀਨ ਚਿੱਟ ਪਾਉਣ ਲਈ ਸੀਬੀਆਈ ਮੁਖੀ ਨੂੰ ਦੋ ਕਰੋੜ ਰੁਪਏ ਦਿੱਤੇ। ਸੂਤਰਾਂ ਮੁਤਾਬਕ ਇਹ ਸ਼ਿਕਾਇਤ ਕੇਂਦਰੀ ਵਿਜੀਲੈਂਸ ਕਮਿਸ਼ਨ ਕੋਲ ਪਹੁੰਚ ਗਈ ਹੈ ਜੋ ਹੁਣ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਰਾਹੁਲ ਨੇ ਮੋਦੀ, ਤੇ ਕੇਜਰੀਵਾਲ ਨੇ ਕਾਂਗਰਸ ਤੇ ਮੋਦੀ, ਦੋਵਾਂ ਨੂੰ ਘੇਰਿਆ

ਉੱਧਰ ਰਾਹੁਲ ਗਾਂਧੀ ਨੇ ਇਸ ਮਾਮਲੇ ਸਬੰਧੀ ਮੋਦੀ ਨੂੰ ਘੇਰਦਿਆਂ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਪੀਐਮ ਦੇ ਚਹੇਤੇ ਹੁਣ ਰਿਸ਼ਵਤ ਦੇ ਮਾਮਲੇ ਵਿੱਚ ਫੜ੍ਹੇ ਗਏ। ਇਸ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਸੀਬੀਆਈ ਵਿੱਚ ਸਿਆਸੀ ਬਦਲੇ ਦੀ ਕਾਰਵਾਈ ਦੀ ਹਥਿਆਰ ਬਣ ਗਿਆ ਹੈ। ਅੰਦਰੂਨੀ ਲੜਾਈ ਦੀ ਵਜ੍ਹਾ ਕਰਕੇ ਸੰਸਥਾ ਦੀ ਹੈਸੀਅਤ ਖਤਮ ਹੋ ਰਹੀ ਹੈ।



ਇਸ ਦੇ ਨਾਲ ਹੀ ਦੂਜੇ ਪਾਸੇ ਮੌਕੇ ਦਾ ਫਾਇਦਾ ਉਠਾਉਂਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਸੀਬੀਆਈ ਦੇ ਬਹਾਨੇ ਕਾਂਗਰਸ ਤੇ ਮੋਦੀ ਇਸ ਦੇ ਨਾਲ ਹੀ ਦੂਜੇ ਪਾਸੇ ਮੌਕੇ ਦਾ ਫਾਇਦਾ ਉਠਾਉਂਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਸੀਬੀਆਈ ਦੇ ਬਹਾਨੇ ਕਾਂਗਰਸ ਤੇ ਮੋਦੀ ਸਰਕਾਰ, ਦੋਵਾਂ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਪਿੰਜਰੇ ਵਿੱਚ ਬੰਦ ਤੋਤਾ ਦੱਸਿਆ ਸੀ ਪਰ ਮੋਦੀ ਸਰਕਾਰ ਨੇ ਕਾਂਗਰਸ ਦੇ ਵੀ ਰਿਕਾਰਡ ਤੋੜ ਦਿੱਤੇ।