ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਫਰਜ਼ੀ ਸਰਟੀਫਿਕੇਟ ਨਾਲ ਸਰਕਾਰੀ ਨੌਕਰੀ ਲੈਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਨੌਕਰੀ ਫਾਰੇਸਟ ਵਿਭਾਗ ‘ਚ ਲੱਗੀ ਸੀ। ਮਾਮਲਾ ਉਸ ਵੇਲੇ ਬੇਨਕਾਬ ਹੋਇਆ, ਜਦੋਂ ਸਰਟੀਫਿਕੇਟ ਜਾਂਚ ਲਈ PSEB ਦੇ ਦਫ਼ਤਰ ਭੇਜਿਆ ਗਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਨਾਮ ਦਾ ਕੋਈ ਵੀ ਵਿਦਿਆਰਥੀ ਉਸ ਪਰੀਖਿਆ ‘ਚ ਸ਼ਾਮਲ ਹੀ ਨਹੀਂ ਹੋਇਆ ਸੀ।

Continues below advertisement

ਇਸ ਤੋਂ ਬਾਦ ਬੋਰਡ ਨੇ ਉਸ ਵਿਅਕਤੀ ਨੂੰ ਆਪਣੇ ਰਿਕਾਰਡ ਵਿੱਚ ਬਲੈਕਲਿਸਟ ਕਰ ਦਿੱਤਾ ਹੈ ਤੇ ਇਸਦੀ ਜਾਣਕਾਰੀ ਸੰਬੰਧਤ ਵਿਭਾਗ ਨੂੰ ਭੇਜ ਦਿੱਤੀ ਹੈ। ਹੁਣ ਵਿਭਾਗ ਵੱਲੋਂ ਉਸ ਵਿਅਕਤੀ ਖ਼ਿਲਾਫ਼ FIR ਦਰਜ ਕਰਵਾਈ ਜਾਵੇਗੀ।

ਸਰਟੀਫਿਕੇਟ ਦੇ ਫਰਜ਼ੀਵਾਏ ਦੀ ਪੂਰੀ ਕਹਾਣੀ ਇੱਥੇ ਜਾਣੋ

Continues below advertisement

ਮੁਕਤਸਰ ਸਾਹਿਬ ਤੋਂ ਆਇਆ ਫਰਜ਼ੀ ਸਰਟੀਫਿਕੇਟ

ਮੁਕਤਸਰ ਸਾਹਿਬ ਦੇ ਵਨ ਮੰਡਲ ਅਧਿਕਾਰੀ ਦੇ ਦਫ਼ਤਰ ਤੋਂ ਇੱਕ ਸਰਟੀਫਿਕੇਟ ਜਾਂਚ ਲਈ ਭੇਜਿਆ ਗਿਆ। ਇਹ ਸਰਟੀਫਿਕੇਟ ਚਮਕੌਰ ਸਿੰਘ ਦੇ ਨਾਮ ‘ਤੇ ਬਣਿਆ ਹੋਇਆ ਸੀ। ਸਰਟੀਫਿਕੇਟ 2010 ਦਾ ਸੀ ਅਤੇ ਇਸ ‘ਤੇ ਬਠਿੰਡਾ ਜ਼ਿਲ੍ਹੇ ਦਾ ਜ਼ਿਕਰ ਸੀ।

ਨਾਮ ਅਤੇ ਪਤਾ ਵੀ ਨਿਕਲਿਆ ਗਲਤ

ਜਦੋਂ ਇਹ ਸਰਟੀਫਿਕੇਟ PSEB ਦੀ ਵੈਰੀਫਿਕੇਸ਼ਨ ਸ਼ਾਖਾ ਵਿੱਚ ਜਾਂਚਿਆ ਗਿਆ ਤਾਂ ਵੱਡੀ ਗੜਬੜ ਸਾਹਮਣੇ ਆਈ। ਸਰਟੀਫਿਕੇਟ ‘ਤੇ ਦਰਜ ਰੋਲ ਨੰਬਰ ਚਮਕੌਰ ਸਿੰਘ ਦਾ ਨਹੀਂ ਸੀ। ਬੋਰਡ ਦੇ ਰਿਕਾਰਡ ਮੁਤਾਬਕ ਉਸ ਰੋਲ ਨੰਬਰ ਦੇ ਵਿਦਿਆਰਥੀ ਦਾ ਨਾਮ ਸੁਖਦੇਵ ਕੁਮਾਰ ਦਰਜ ਸੀ।

ਉਮਰ ਵੀ ਗਲਤ—9 ਸਾਲ ਦਾ ਫਰਕ

ਜਾਂਚ ਵਿਚ ਪਤਾ ਲੱਗਿਆ ਕਿ ਚਮਕੌਰ ਸਿੰਘ ਦੇ ਸਰਟੀਫਿਕੇਟ ‘ਤੇ ਜਨਮ ਤਾਰੀਖ 25-5-1977 ਲਿਖੀ ਹੋਈ ਸੀ, ਜਦਕਿ ਰਿਕਾਰਡ ‘ਚ ਸੁਖਦੇਵ ਦਾ ਜਨਮ ਸਾਲ 1986 ਸੀ। ਜਨਮ ਤਾਰੀਖ ‘ਚ 9 ਸਾਲ ਦਾ ਫਰਕ ਮਿਲਣ ਨਾਲ ਇਹ ਸਪੱਸ਼ਟ ਹੋ ਗਿਆ ਕਿ ਸਰਟੀਫਿਕੇਟ ਬਿਲਕੁਲ ਜਾਲੀ ਹੈ।

ਹਰ ਮਹੀਨੇ ਦੋ ਹਜ਼ਾਰ ਸਰਟੀਫ਼ਿਕੇਟ ਜਾਂਚ ਲਈ ਆਉਂਦੇ ਹਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ‘ਚ ਸਰਕਾਰੀ ਨੌਕਰੀਆਂ ਲਈ ਸਫ਼ਾਰਸ਼ੀ ਤੌਰ ‘ਤੇ ਸਰਟੀਫ਼ਿਕੇਟਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ। ਜਿਸ ਵੀ ਵਿਅਕਤੀ ਨੇ ਕਿਸੇ ਵੀ ਸਰਕਾਰੀ ਵਿਭਾਗ ‘ਚ ਨੌਕਰੀ ਲੈਣੀ ਹੁੰਦੀ ਹੈ, ਉਸ ਦਾ ਸਰਟੀਫ਼ਿਕੇਟ ਬੋਰਡ ਦੁਆਰਾ ਜਾਂਚਿਆ ਜਾਂਦਾ ਹੈ। ਇਸ ਪ੍ਰਕਿਰਿਆ ਅਧੀਨ ਹਰ ਮਹੀਨੇ ਲਗਭਗ 2 ਹਜ਼ਾਰ ਸਰਟੀਫ਼ਿਕੇਟ ਵੈਰੀਫਿਕੇਸ਼ਨ ਲਈ PSEB ਦੇ ਦਫ਼ਤਰ ‘ਚ ਭੇਜੇ ਜਾਂਦੇ ਹਨ।

ਇਨ੍ਹਾਂ ‘ਚੋਂ ਕਈਆਂ ਦੇ ਸਰਟੀਫ਼ਿਕੇਟ ਫਰਜ਼ੀ ਨਿਕਲਦੇ ਹਨ। ਇਸ ਤੋਂ ਪਹਿਲਾਂ ਵੀ ਰੇਲਵੇ, ਪੰਜਾਬ ਪੁਲਿਸ, ਪਾਸਪੋਰਟ ਦਫ਼ਤਰ, ਭਾਰਤੀ ਫੌਜ, ਪੰਜਾਬੀ ਯੂਨੀਵਰਸਿਟੀ ਸਮੇਤ ਕਈ ਵਿਭਾਗਾਂ ਵਿੱਚ ਜਾਲੀ ਸਰਟੀਫ਼ਿਕੇਟਾਂ ਨਾਲ ਨੌਕਰੀ ਹਾਸਲ ਕਰਨ ਦੇ ਕੇਸ ਸਾਹਮਣੇ ਆ ਚੁੱਕੇ ਹਨ।PSEB ਆਪਣੀ ਜਾਂਚ ਵਿੱਚ ਫਰਜ਼ੀਵਾਏ ਦੀ ਪੁਸ਼ਟੀ ਹੋਣ ‘ਤੇ ਉਹਨਾਂ ਲੋਕਾਂ ਨੂੰ ਆਪਣੇ ਰਿਕਾਰਡ ‘ਚ ਬਲੈਕਲਿਸਟ ਕਰ ਦਿੰਦਾ ਹੈ। ਇਸ ਤੋਂ ਅੱਗੇ ਦੀ ਕਾਰਵਾਈ, FIR ਰਜਿਸਟਰ ਕਰਵਾਉਣ ਸਮੇਤ, ਸਾਰਾ ਕੰਮ ਸੰਬੰਧਿਤ ਵਿਭਾਗ ਨੂੰ ਕਰਨਾ ਹੁੰਦਾ ਹੈ।