ਫ਼ਿਰੋਜ਼ਪੁਰ : ਪੰਜਾਬ ਵਿਜੀਲੈਂਸ ਦੀ ਟੀਮ ਨੇ ਨਾਰਕੋਟਿਕਸ ਕੰਟਰੋਲ ਸੈੱਲ ਦੇ ਬਰਖਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਦੀ ਨਿਸ਼ਾਨਦੇਹੀ 'ਤੇ ਉਸ ਦੇ ਸਹੁਰੇ ਮੁਕਤਸਰ ਦੇ ਪਿੰਡ ਸੇਮੇ ਵਾਲੀ 'ਚ ਘਰ ਛਾਪਾ ਮਾਰ ਕੇ 30 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।  ਬਰਖਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ, ਉਸ ਤੋਂ ਪੁੱਛਗਿੱਛ ਜਾਰੀ ਹੈ।

 

ਦਰਅਸਲ 'ਚ 20 ਜੁਲਾਈ ਨੂੰ ਉਕਤ ਇੰਸਪੈਕਟਰ ਅਤੇ ਉਸਦੇ ਤਿੰਨ ਸਾਥੀਆਂ ਨੇ ਦੋ ਵਿਅਕਤੀਆਂ ਨੂੰ ਇੱਕ ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਦੇ ਝੂਠੇ ਕੇਸ ਵਿੱਚ ਫਸਾ ਕੇ 81 ਲੱਖ ਰੁਪਏ ਦੀ ਲੁੱਟ ਕੀਤੀ ਸੀ। ਜਦੋਂ ਪਤਾ ਲੱਗਾ ਤਾਂ ਇੰਸਪੈਕਟਰ ਤੇ ਉਸ ਦੇ ਸਾਥੀ ਫ਼ਰਾਰ ਹੋ ਚੁੱਕੇ ਸਨ। ਪੁਲਿਸ ਨੇ ਇੰਸਪੈਕਟਰ ਦੇ ਤਿੰਨ ਸਾਥੀਆਂ ਨੂੰ ਹਿਮਾਚਲ ਦੇ ਊਨਾ ਤੋਂ ਅਤੇ ਬਾਜਵਾ ਨੂੰ ਤਿੰਨ ਦਿਨ ਪਹਿਲਾਂ ਰਾਜਸਥਾਨ ਦੇ ਝਾਲਾਗੜ੍ਹ ਜ਼ਿਲ੍ਹੇ ਦੇ ਰਾਏਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। 

 

ਜਾਣਕਾਰੀ ਅਨੁਸਾਰ ਭੰਵਰ ਲਾਲ ਵਾਸੀ ਪਾਰਿਕ ਬਾਸ, ਥਾਣਾ ਕਾਲੂ, ਬੀਕਾਨੇਰ, ਰਾਜਸਥਾਨ ਨੇ 20 ਜੁਲਾਈ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੁਧਿਆਣਾ ਦੇ ਰਹਿਣ ਵਾਲੇ ਉਸ ਦੇ ਭਰਾ ਅਸ਼ੋਕ ਜੋਸ਼ੀ ਨੇ ਆਪਣੇ ਗੌਤਮ ਨਾਮ ਦੇ ਕਰਮਚਾਰੀ ਨੂੰ ਟੈਕਸੀ ਡਰਾਈਵਰ ਕਵਲਜੀਤ ਸਿੰਘ ਦੇ ਦੁਆਰਾ ਮੋਗਾ ਤੋਂ 86 ਲੱਖ ਰੁਪਏ ਦੀ ਅਦਾਇਗੀ ਲੈਣ ਲਈ ਭੇਜਿਆ ਸੀ ਪਰ ਉਸ ਦਿਨ ਉਕਤ ਇੰਸਪੈਕਟਰ ਬਾਜਵਾ ਨੇ ਰਾਜਪਾਲ ਸਿੰਘ ਅਤੇ ਹੌਲਦਾਰ ਜੋਗਿੰਦਰ ਸਿੰਘ ਨਾਲ ਮਿਲ ਕੇ ਉਕਤ ਟੈਕਸੀ ਨੂੰ ਰੋਕ ਕੇ ਉਸਦੇ ਭਰਾ ਦੇ ਕਰਮਚਾਰੀ ਅਤੇ ਟੈਕਸੀ ਡਰਾਈਵਰ ਤੋਂ ਸਾਰੀ ਰਕਮ ਭਾਵ 86 ਲੱਖ ਰੁਪਏ ਜ਼ਬਤ ਕਰ ਲਏ ਗਏ।


ਪੁਲੀਸ ਮੁਲਾਜ਼ਮਾਂ ਨੇ ਕਰਮਚਾਰੀ  ਗੌਤਮ ਅਤੇ ਟੈਕਸੀ ਡਰਾਈਵਰ ਤੋਂ ਇੱਕ ਕਿਲੋ ਹੈਰੋਇਨ ਅਤੇ ਪੰਜ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਦਿਖਾਉਂਦੇ ਹੋਏ ਫ਼ਿਰੋਜ਼ਪੁਰ ਛਾਉਣੀ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਝੂਠਾ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਭੰਵਰ ਲਾਲ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਏਐਸਆਈ ਅੰਗਰੇਜ਼ ਸਿੰਘ, ਰਾਜਪਾਲ ਸਿੰਘ ਅਤੇ ਹੌਲਦਾਰ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਹੁਣ ਜੇਲ੍ਹ ਵਿੱਚ ਹਨ। ਬਾਜਵਾ ਨੂੰ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ, ਉਸ ਤੋਂ ਪੁੱਛਗਿੱਛ ਜਾਰੀ ਹੈ।