ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੀਆਂ ਤਾਰਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਜੁੜਦੀਆਂ ਜਾ ਰਹੀਆਂ ਹਨ। ਕੈਪਟਨ ਸਰਕਾਰ ਵੱਲੋਂ ਬਾਣਾਈ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿੱਚ ਖੁਲਾਸਾ ਹੋਇਆ ਹੈ ਕਿ ਪੁਲਿਸ ਨੇ ਆਪਣੀਆਂ ਹੀ ਜਿਪਸੀਆਂ ਉੱਪਰ ਗੋਲੀਆਂ ਚਲਾਉਣ ਲਈ ਸੁਖਬੀਰ ਬਾਦਲ ਦੇ ਕਰੀਬੀ ਵਕੀਲ ਦੀ ਨਿੱਜੀ ਬੰਦੂਕ ਵਰਤੀ ਸੀ। ਪੁਲਿਸ ਨੇ ਬੁੱਧਵਾਰ ਨੂੰ ਉਸ ਵਕੀਲ ਨੂੰ ਫੜਨ ਲਈ ਛਾਪਾ ਵੀ ਮਾਰਿਆ ਪਰ ਉਹ ਹੱਥ ਨਹੀਂ ਲੱਗਾ।
ਦਰਅਸਲ ਬਹਿਬਲ ਕਾਂਡ ਵਿੱਚ ਪੁਲਿਸ ਨੇ ਸਿੱਖ ਸੰਗਤ ਉੱਪਰ ਗੋਲੀਆਂ ਚਲਾਉਣ ਤੋਂ ਬਾਅਦ ਕੇਸ ਨੂੰ ਨਵਾਂ ਮੋੜ ਦੇਣ ਲਈ ਸਵੈ-ਰੱਖਿਆ ਦੇ ਨਾਂ 'ਤੇ ਆਪਣੀਆਂ ਹੀ ਜਿਪਸੀਆਂ ਉੱਪਰ ਗੋਲੀਆਂ ਚਲਾ ਕੇ 200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ। ਪੁਲਿਸ ਇਹ ਦਿਖਾਉਣਾ ਚਾਹੁੰਦੀ ਸੀ ਕਿ ਉਨ੍ਹਾਂ ਨੇ ਸਵੈ-ਰੱਖਿਆ ਲਈ ਸਿੱਖ ਸੰਗਤ ਉੱਪਰ ਗੋਲੀ ਚਲਾਈ ਸੀ।
ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਪੁਲਿਸ ਦੀ ਜਿਪਸੀ ਉੱਪਰ ਜੋ ਗੋਲੀਆਂ ਵੱਜੀਆਂ ਸਨ, ਉਹ ਦੋਨਾਲੀ ਰਾਈਫ਼ਲ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਮਾਰੀਆਂ ਗਈਆਂ ਸਨ। ਹਰਿੰਦਰਾ ਨਗਰ ਫਰੀਦਕੋਟ ਦੇ ਐਡਵੋਕੇਟ ਨੂੰ ਜਾਂਚ ਟੀਮ ਨੇ ਪੁੱਛਗਿੱਛ ਲਈ ਕਪੂਰਥਲੇ ਬੁਲਾਇਆ ਸੀ। ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਵਕੀਲ ਨੇ ਹੀ ਐਸਪੀ ਬਿਕਰਮ ਸਿੰਘ ਨੂੰ ਆਪਣੀ ਦੋਨਾਲੀ ਰਾਈਫ਼ਲ ਵਰਤਣ ਲਈ ਦਿੱਤੀ ਸੀ। ਇਹ ਵਕੀਲ ਦੇ ਪਰਿਵਾਰ ਨਾਲ ਸੁਖਬੀਰ ਬਾਦਲ ਦੀ ਕਰੀਬੀ ਦੋਸਤੀ ਹੈ।
ਜਾਂਚ ਟੀਮ ਨੇ ਬੁੱਧਵਾਰ ਨੂੰ ਵਕੀਲ ਦੇ ਘਰ ਛਾਪਾ ਮਾਰਿਆ ਪਰ ਛਾਪੇਮਾਰੀ ਦੌਰਾਨ ਘਰ ਵਿੱਚ ਉਹ ਨਹੀਂ ਮਿਲਿਆ। ਜਾਂਚ ਟੀਮ ਨੇ ਫਰੀਦਕੋਟ ਦੀ ਮਸ਼ਹੂਰ ਪੰਕਜ ਮੋਟਰਜ਼ ਕੰਪਨੀ ਦੇ ਕੁਝ ਅਧਿਕਾਰੀਆਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ। ਪੰਕਜ ਮੋਟਰਜ਼ ਹੁਣ ਬੰਦ ਹੋ ਚੁੱਕੀ ਹੈ ਤੇ ਇਸ ਦੇ ਮਾਲਕ ਦੇ ਐਸਪੀ ਬਿਕਰਮ ਸਿੰਘ ਨਾਲ ਕਾਫ਼ੀ ਕਰੀਬੀ ਸਬੰਧ ਸਨ। ਜਾਂਚ ਟੀਮ ਦੀ ਇਸ ਸਖ਼ਤੀ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦਾ ਇੱਕ ਸਾਬਕਾ ਅਕਾਲੀ ਵਿਧਾਇਕ ਰੂਪੋਸ਼ ਹੋ ਗਿਆ ਹੈ।