Punjab News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਵੱਲੋਂ ਤਨਖ਼ਾਹੀਆਂ ਐਲਾਨਿਆ ਗਿਆ ਹੈ ਤੇ ਇਹ ਹੁਕਮ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਉਹ ਮੁਆਫ਼ੀ ਨਹੀਂ ਮੰਗਦੇ। ਇਸ ਨੂੰ ਲੈ ਕੇ ਪੰਥ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।
ਦਰਅਸਲ, ਸੁਖਬੀਰ ਸਿੰਘ ਬਾਦਲ ਨੂੰ ਅੱਜ ਤਨਖ਼ਾਹੀਆ ਕਰਾਰ ਦਿੱਤਾ ਗਿਆ। ਇਸ ਨੂੰ ਲੈ ਕੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਨਾਹ ਇਕੱਲੇ ਸੁਖਬੀਰ ਬਾਦਲ ਨੇ ਤਾਂ ਨਹੀਂ ਕੀਤੇ, ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਜੋ ਅੱਜ ਦੁਨੀਆ ਦੇ ਵਿੱਚ ਨਹੀਂ) ਉਹ ਵੀ ਬਰਾਬਰ ਦੇ ਹਿੱਸੇਦਾਰ ਸੀ। ਉਨ੍ਹਾਂ ਦੇ ਮਾਮਲੇ ਵਿੱਚ ਚੁੱਪੀ ਕਿਉਂ ਵੱਟੀ ਗਈ ਹੈ, ਉਨ੍ਹਾਂ ਤੋਂ ਫਖ਼ਰ-ਏ-ਕੌਮ ਦਾ ਐਵਾਰਡ ਵਾਪਸ ਲਿਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਮਾਝੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣਾ ਉਨ੍ਹਾਂ ਲੋਕਾਂ ਦੇ ਆਰੋਪਾਂ 'ਤੇ ਮੋਹਰ ਹੈ ਜੋ ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ ਲਾ ਰਹੇ ਸੀ। ਇਸ ਦੇ ਨਾਲ ਹੀ ਕਿਹਾ ਕਿ ਇਹ ਸਭ ਇੱਕ ਸੋਚੀ ਸਮਝੀ ਸਾਜ਼ਿਸ਼ ਲੱਗ ਰਿਹਾ ਹੈ, ਕਿਉਂਕਿ ਇੱਕ ਦਿਨ ਪਹਿਲਾਂ ਸੁਖਬੀਰ ਬਾਦਲ, ਪਾਰਟੀ ਦੇ ਨਵੇਂ ਕਾਰਜ਼ਕਾਰੀ ਪ੍ਰਧਾਨ ਦਾ ਐਲਾਨ ਕਰਦੇ ਹਨ ਤੇ ਹੁਣ ਉਨ੍ਹਾਂ ਨੂੰ ਤਨਖ਼ਾਹੀਆਂ ਐਲਾਨ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਨੇ ਸਾਧਿਆ ਨਿਸ਼ਾਨਾ
ਪੀਟੀਆਈ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ ਨੇ ਕਿਹਾ, “ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਲਏ ਫੈਸਲੇ ਦਾ ਸਵਾਗਤ ਕਰਦੇ ਹਾਂ। ਜਦੋਂ ਜਥੇਦਾਰ ਸਾਬ੍ਹ ਕਹਿੰਦੇ ਹਨ ਕਿ ਸੁਖਬੀਰ ਬਾਦਲ ਨੇ ਗੁਨਾਹ ਕੀਤਾ ਹੈ ਤਾਂ ਗੁਨਾਹ ਸ਼ਬਦ ਵਿੱਚ ਕਈ ਗੱਲਾਂ ਸ਼ਾਮਲ ਹੋ ਜਾਂਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨ ਤੋਂ ਕਹਿ ਰਹੇ ਸਨ ਕਿ ਉਨ੍ਹਾਂ ਨੇ ਕੋਈ ਗ਼ਲਤੀ ਨਹੀਂ ਕੀਤੀ, ਸਗੋਂ ਅਪਰਾਧ ਕੀਤਾ ਹੈ। ਸੁਖਬੀਰ ਬਾਦਲ ਨੂੰ ਫੌਰੀ ਨੈਤਿਕਤਾ ਨੂੰ ਦੇਖਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।