ਬੀਤੀ 16 ਅਪ੍ਰੈਲ ਨੂੰ ਬਿੱਟੂ ਨੂੰ ਅਚਾਨਕ ਸਿਰ ‘ਚ ਦਰਦ ਮਹਿਸੂਸ ਹੋਇਆ ਸੀ। ਇਸ ਮਗਰੋਂ ਉਸ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੇ ਦਿਮਾਗ ਦੀ ਨਾੜੀ ਫਟਣ ਦਾ ਇਲਾਜ ਸ਼ੁਰੂ ਕਰ ਦਿੱਤਾ। ਹਾਲਤ 'ਚ ਸੁਧਾਰ ਨਾ ਦੇਖ ਡਾਕਟਰਾਂ ਨੇ ਬਿੱਟੂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ। ਡਾਕਟਰ ਬਿੱਟੂ ਦਾ ਲਗਾਤਾਰ ਇਲਾਜ ਕਰ ਰਹੇ ਸਨ, ਪਰ ਉਸ ਨੂੰ ਬਚਾ ਨਾ ਸਕੇ।
ਕਬੱਡੀ ਖਿਡਾਰੀ ਨਰਿੰਦਰ ਸਿੰਘ ਨੂੰ ਬਿੱਟੂ ਦੁਗਾਲ ਦੇ ਨਾਂਅ ਤੋਂ ਹੀ ਮਸ਼ਹੂਰ ਸੀ ਅਤੇ ਉਸ ਦੀ ਖੇਡ ਦੇ ਕੌਮਾਂਤਰੀ ਪੱਧਰ 'ਤੇ ਚਰਚੇ ਸਨ। ਬਿੱਟੂ ਦੁਗਾਲ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਪਹਿਲੇ ਵਿਸ਼ਵ ਕਬੱਡੀ ਕੱਪ ਤੋਂ ਆਪਣੀ ਪਛਾਣ ਬਣਾਈ ਸੀ। ਇਸ ਤੋਂ ਬਾਅਦ ਬਿੱਟੂ ਦੀ ਪ੍ਰਸਿੱਧੀ ਚਹੁੰ ਪਾਸੇ ਫੈਲ ਗਈ। ਉਹ ਚਾਰ ਕਬੱਡੀ ਕੱਪ ਖੇਡ ਚੁੱਕਾ ਸੀ। ਕਬੱਡੀ ਮੇਲਿਆਂ ਤੋਂ ਇਲਾਵਾ ਕਈ ਪੰਜਾਬੀ ਗੀਤਾਂ ਵਿੱਚ ਵੀ ਬਿੱਟੂ ਦੀ ਖੇਡ ਦੀ ਮਿਸਾਲ ਦਿੱਤੀ ਜਾਂਦੀ ਹੈ। ਬਿੱਟੂ ਦਾ ਅੰਤਮ ਸੰਸਕਾਰ ਉਸ ਦੇ ਜੱਦੀ ਪਿੰਡ ਦੁਗਾਲ ਵਿੱਚ ਸੋਮਵਾਰ ਦੁਪਹਿਰ ਸਮੇਂ ਕੀਤਾ ਜਾਵੇਗਾ।