ਫ਼ਰੀਦਕੋਟ: ਕੈਬਨਿਟ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਮਹੌਲ ਖਰਾਬ ਕਰਨਾ ਤੇ ਖ਼ੁਦ ਸਿਆਸੀ ਲਾਹਾ ਲੈਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਮਲੇਰਕੋਟਲਾ ਵਿੱਚ ਦਿੱਤੇ ਬਿਆਨ ਨਾਲ ਅਕਾਲੀ ਦਲ ਦੀ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਬਲਵੀਰ ਸਿੰਘ ਸਿੱਧੂ ਦੇ ਭਰਾ ਦੀ ਇੱਕ ASI ਨੂੰ ਤਰੱਕੀ ਦੇ ਸਟਾਰ ਲਾਉਣ ਦੀ ਫੋਟੋ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਇਸ ਬਾਰੇ ਸਵਾਲ ਪੁੱਛੇ ਜਾਣ ’ਤੇ ਸਿੱਧੂ ਖਾਸੇ ਭੜਕ ਗਏ। ਉਨ੍ਹਾਂ ਕਿਹਾ ਕਿ ਫਿਰ ਕੀ ਹੋ ਗਿਆ ਜੇ ਉਨ੍ਹਾਂ ਕਿਸੇ ਨਾਲ ਫੋਟੋ ਖਿਚਵਾ ਲਈ, ਮੇਰਾ ਭਰਾ ਮੇਰੇ ਨਾਲੋਂ ਵੱਧ ਲੋਕਾਂ ਦੇ ਕੰਮ ਕਰਵਾਉਂਦਾ ਹੈ।
ਦਰਅਸਲ ਸਿੱਧੂ ਅੱਜ ਫਰੀਦਕੋਟ ਵਿੱਚ 3 ਰੋਜ਼ਾ ਕੌਮੀ ਹੌਰਸ ਸ਼ੋਅ ਦੇ ਸਮਾਪਤੀ ਸਮਾਗਮ ਵਿੱਚ ਪੁੱਜੇ ਸਨ। ਇਸ ਮੌਕੇ ਉਨ੍ਹਾਂ ਵੱਖ-ਵੱਖ ਨਸਲਾਂ ਦੇ ਜੇਤੂ ਘੋੜਿਆਂ ਦਾ ਸ਼ੋਅ ਵੇਖਿਆ ਤੇ ਪਸ਼ੂ ਪਾਲਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਖੇਤੀ ਦੇ ਨਾਲਨਾਲ ਹੋਰ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਜੇਤੂ ਘੋੜਿਆਂ ਦੇ ਮਾਲਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਫਰੀਦਕੋਟ ਵਿੱਚ ਕੌਮੀਂ ਪੱਧਰ ਦਾ ਹੌਰਸ ਸ਼ੋਅ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਪਸੂ ਪਾਲਣ ਵਰਗੇ ਹੋਰ ਸਹਾਇਕ ਧੰਦੇ ਵੀ ਅਪਣਾਉਣੇ ਚਾਹੀਦੇ ਹਨ।