ਬਰਨਾਲਾ: ਨਿਹਾਲ ਸਿੰਘ ਵਾਲਾ ਹਲਕੇ ਤੋਂ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸਨਮੁਖ ਭਾਰਤੀ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਪ੍ਰੈੱਸ ਕਾਨਫ਼ਰੰਸ ਕਰਕੇ ਸਨਮੁਖ ਭਾਰਤੀ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਸੀਟ ਲਈ ਅਕਾਲੀ ਦਲ ਕੋਲ ਉਮੀਦਵਾਰ ਦੀ ਕਮੀ ਨਹੀਂ ਤੇ ਉਹ ਉਮੀਦਵਾਰ ਵਜੋਂ ਸੰਗਰੂਰ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।

ਇਸ ਮੌਕੇ ਭਾਰਤੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਜੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਸੰਗਰੂਰ ਸੀਟ ਤੋਂ ਲੋਕ ਸਭਾ ਚੋਣ ਨਹੀਂ ਲੜਨਾ ਚਾਹੁੰਦੇ ਤਾਂ ਉਹ ਖੁਦ ਇਸ ਸੀਟ ਲਈ ਚੋਣ ਲੜਨ ਲਈ ਤਿਆਰ ਹਨ। ਉਨ੍ਹਾਂ ਭਰੋਸਾ ਦਵਾਇਆ ਕਿ ਉਹ ਜਿੱਤ ਕੇ ਸੰਗਰੂਰ ਸੀਟ ਅਕਾਲੀ ਦਲ ਦੀ ਝੋਲੀ ਪਾਉਣਗੇ। ਉਨ੍ਹਾਂ ਕਿਹਾ ਕਿ ਉਹ 1985 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਟਿਕਟ ਦੇਣਾ ਜਾ ਨਾ ਦੇਣਾ ਪਾਰਟੀ ਦੇ ਹੱਥ ਹੈ ਪਰ ਸੀਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ।

ਇਸ ਤੋਂ ਇਲਾਵਾ ਅਕਾਲੀ ਦਲ ਨੂੰ ਛੱਡ ਕੇ ਜਾ ਚੁੱਕੇ ਆਗੂਆਂ ਨੂੰ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੇ ਪਾਰਟੀ ਦੀ ਸਰਕਾਰ ਵਿੱਚ ਲੰਮਾਂ ਸਮਾਂ ਸੁੱਖ ਭੋਗਿਆ ਪਰ ਜਦੋਂ ਪਾਰਟੀ ਸੰਕਟ ਵਿੱਚ ਆਈ ਤਾਂ ਉਹ ਪਾਸੇ ਹੋ ਗਏ। ਪਾਰਟੀ ਵੱਡੀ ਹੁੰਦੀ ਹੈ ਤੇ ਪਾਰਟੀ ਦੇ ਝੰਡੇ ਹੇਠਾਂ ਇਕੱਠੇ ਹੋਣਾ ਸਾਰਿਆਂ ਦਾ ਫ਼ਰਜ਼ ਹੁੰਦਾ ਹੈ। ਉਨ੍ਹਾਂ ਪਾਰਟੀ ਛੱਡ ਗਏ ਲੀਡਰਾਂ ਨੂੰ ਅਪੀਲ ਕੀਤੀ ਕਿ ਅਜੇ ਵੀ ਉਹ ਪਾਰਟੀ ਵਿੱਚ ਵਾਪਸ ਆ ਜਾਣ ਤਾਂ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।