ਹੁਸ਼ਿਆਰਪੁਰ: ਅਦਾਲਤ ਵਿੱਚ ਪੇਸ਼ੀ ਦੌਰਾਨ ਫਰਾਰ ਹੋਏ ਕੈਦੀ ਨੇ ਨਵਾਂ ਕਾਰਾ ਕਰ ਦਿੱਤਾ ਹੈ। ਕੈਦੀ ਨੇ ਬੀਤੀ ਰਾਤ ਆਪਣੀ ਪਤਨੀ ਅਤੇ ਧੀ ਨੂੰ ਗੋਲ਼ੀਆਂ ਮਾਰ ਦਿੱਤੀਆਂ ਤੇ ਫਰਾਰ ਹੋ ਗਿਆ। ਘਟਨਾ ਵਿੱਚ ਉਸ ਦੀ 15 ਸਾਲਾ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਜ਼ੇਰੇ ਇਲਾਜ ਹੈ।
ਜ਼ਿਲ੍ਹੇ ਦੇ ਕਸਬਾ ਗੜ੍ਹਸ਼ੰਕਰ ਦੇ ਪਿੰਡ ਬਸਤੀ ਸੇਸੀਆਂ ਦਾ ਮੇਜਰ ਪਿਛਲੇ ਦਿਨੀਂ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਦੀ ਗ੍ਰਿਫ਼ਤ 'ਚੋਂ ਫਰਾਰ ਹੋ ਗਿਆ ਸੀ। ਪਿੰਡ ਦੇ ਸਰਪੰਚ ਜਤਿੰਦਰ ਸੋਨੀ ਨੇ ਦੱਸਿਆ ਕਿ ਉਸ ਨੇ ਬੀਤੀ ਰਾਤ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਪਤਨੀ ਤੇ ਧੀ ਨੂੰ ਗੋਲ਼ੀਆਂ ਮਾਰ ਦਿੱਤੀਆਂ।
ਡੀਐਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮੇਜਰ 'ਤੇ ਲੁੱਟ-ਖੋਹ, ਨਸ਼ਾ ਤਸਕਰੀ ਅਤੇ ਬਲਾਤਕਾਰ ਜਿਹੇ ਗੰਭੀਰ ਕੇਸ ਚੱਲ ਰਹੇ ਸਨ ਅਤੇ ਹੁਣ ਕਤਲ ਦਾ ਕੇਸ ਵੀ ਦਰਜ ਹੋ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।