ਫਰੀਦਕੋਟ: ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਵੱਲੋਂ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਖ਼ੁਦ ਹੀ ਉਸ ਦੀ ਲਾਸ਼ ਖੁਰਦ-ਬੁਰਦ ਕੀਤੀ ਸੀ। ਮ੍ਰਿਤਕ ਇੰਸਪੈਕਟਰ ਨਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਰਾਤ ਵੇਲੇ ਜਸਪਾਲ ਸਿੰਘ ਨੂੰ ਹਿਰਾਸਤ 'ਚ ਲਿਆ ਸੀ।
ਪੁਲਿਸ ਮੁਤਾਬਕ ਨੌਜਵਾਨ ਨੇ ਪੁਲਿਸ ਹਿਰਾਸਤ ਵਿੱਚ ਫਾਹਾ ਲਿਆ ਸੀ ਤੇ ਇੰਸਪੈਕਟਰ ਨਰਿੰਦਰ ਸਿੰਘ ਨੇ ਉਸ ਦੀ ਲਾਸ਼ ਨੂੰ ਟਿਕਾਣੇ ਲਾਇਆ ਸੀ। ਪਰ ਬੀਤੇ ਦਿਨੀਂ ਇੰਸਪੈਕਟਰ ਨਰਿੰਦਰ ਸਿੰਘ ਨੇ ਵੀ ਖ਼ੁਦਕੁਸ਼ੀ ਕਰ ਲਈ। SSP ਫਰੀਦਕੋਟ ਰਾਜ ਬਚਨ ਸਿੰਘ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਕੇ ਇਸ ਜਾਣਕਾਰੀ ਦਾ ਖ਼ੁਲਾਸਾ ਕੀਤਾ ਹੈ। ਹਾਲਾਂਕਿ ਉਨ੍ਹਾਂ ਇੰਸਪੈਕਟਰ ਨਰਿੰਦਰ ਸਿੰਘ ਦੀ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਕੁਝ ਖ਼ਾਸ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਹਾਲੇ ਜਾਂਚ ਜਾਰੀ ਹੈ।
ਐਸਐਸਪੀ ਫਰੀਦਕੋਟ ਰਾਜ ਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ 18 ਮਈ ਨੂੰ ਪਿੰਡ ਸੰਗਰਾਹੁਰ ਵਾਸੀ ਗੁਰਚਰਨ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ 16 ਮਈ ਨੂੰ ਪਿੰਡ ਪੰਜਾਵਾ ਮੁਕਤਸਰ ਵਿੱਚ ਭਾਂਜੇ ਲਾਡੀ ਨੂੰ ਮਿਲਣ ਗਿਆ ਸੀ। 18 ਮਈ ਨੂੰ ਉਹ ਪਿੰਡ ਰੱਤੀਰੋੜੀ ਚਲਾ ਗਿਆ ਤੇ ਉੱਥੋਂ ਲਾਪਤਾ ਹੋ ਗਿਆ। ਸਦਰ ਪੁਲਿਸ ਨੇ ਜੀਂਦ ਦੇ ਰਣਬੀਰ ਸਿੰਘ, ਪਿੰਡ ਲੰਗੇਆਣਾ (ਮੋਗਾ) ਦੇ ਬਿੱਟਾ, ਪਿੰਡ ਢੁੱਡੀ ਦੇ ਬਲਜੀਤ ਸਿੰਘ, ਪਿੰਡ ਰੱਤੋਰੋੜੀ ਦੇ ਬਾਜ ਸਿੰਘ ਤੇ ਕਪੂਰਥਲਾ ਦੀ ਮਹਿਲਾ ਪਰਮ 'ਤੇ ਅਗਵਾਹ ਕਰਨ ਦਾ ਕੇਸ ਦਰਜ ਕੀਤਾ ਸੀ।
SSP ਮੁਤਾਬਕ 18 ਮਈ ਦੀ ਰਾਤ ਸਾਢੇ 9 ਵਜੇ ਪਿੰਡ ਰੱਤੋਰੋੜੀ ਦੇ ਪਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਲਾਡੀ, ਰੇਸ਼ਮ ਤੇ ਹੋਰ ਸਾਥੀ ਨਾਜਾਇਜ਼ ਅਸਲੇ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਹਨ। ਇੰਸਪੈਕਟਰ ਗਿੱਲ ਨੇ ਲਾਡੀ ਸਮੇਤ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਤੇ ਉਨ੍ਹਾਂ ਨੂੰ ਉੱਥੇ ਛੱਡ ਖ਼ੁਦ ਚੋਣ ਡਿਊਟੀ ਵਿੱਚ ਚਲੇ ਗਏ। ਉੇਸੇ ਰਾਤ ਲਾਡੀ ਨੇ ਹਿਰਾਸਤ ਵਿੱਚ ਹੀ ਚਾਦਰ ਨਾਲ ਫਾਹਾ ਲੈ ਲਿਆ। ਮਾਮਲੇ ਨੂੰ ਲੁਕਾਉਣ ਤੇ ਸਬੂਤ ਮਿਟਾਉਣ ਲਈ ਇੰਸਪੈਕਟਰ ਨਰਿੰਦਰ ਸਵੇਰੇ ਕਰੀਬ 5:30 ਵਜੇ ਲਾਸ਼ ਬਾਹਰ ਲੈ ਗਏ ਸੀ ਤੇ ਬਾਅਦ ਵਿੱਚ ਉਨ੍ਹਾਂ ਵੀ ਖ਼ੁਦਕੁਸ਼ੀ ਕਰ ਲਈ ਸੀ, ਉਨ੍ਹਾਂ 'ਤੇ ਵੀ ਕੇਸ ਦਰਜ ਕੀਤਾ ਗਿਆ ਸੀ।
ਨੌਜਵਾਨ ਨੇ ਹਿਰਾਸਤ 'ਚ ਲਿਆ ਫਾਹਾ, ਲਾਸ਼ ਟਿਕਾਣੇ ਲਾ ਥਾਣੇਦਾਰ ਨੇ ਕੀਤੀ ਖ਼ੁਦਕੁਸ਼ੀ
ਏਬੀਪੀ ਸਾਂਝਾ
Updated at:
22 May 2019 08:42 AM (IST)
ਇੰਸਪੈਕਟਰ ਨਰਿੰਦਰ ਸਿੰਘ ਗਿੱਲ ਵੱਲੋਂ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਖ਼ੁਦ ਹੀ ਉਸ ਦੀ ਲਾਸ਼ ਖੁਰਦ-ਬੁਰਦ ਕੀਤੀ ਸੀ।
- - - - - - - - - Advertisement - - - - - - - - -